
ਸਰਕਾਰ ਨੇ ਅਧਿਕਾਰੀ ਨੂੰ ਛੁੱਟੀ 'ਤੇ ਭੇਜਿਆ
ਮੁੰਬਈ, 10 ਅਪ੍ਰੈਲ : ਕੋਰੋਨਾਵਾਇਰਸ ਦੇ ਕਹਿਰ ਕਾਰਨ ਦੇਸ਼ ਭਰ 'ਚ ਜਾਰੀ ਤਾਲਾਬੰਦੀ ਦੌਰਾਨ ਯੈੱਸ ਬੈਂਕ ਨਾਲ ਜੁੜੇ ਡੀ.ਐਚ.ਐਫ਼.ਐਲ ਦੇ ਪ੍ਰਮੋਟਰ ਕਪਿਲ ਵਧਵਾਨ ਅਤੇ ਧੀਰਜ ਵਧਵਾਨ ਸਮੇਤ ਉਨ੍ਹਾਂ ਦੇ ਪਰਵਾਰਕ ਮੈਂਬਰ ਮਹਾਬਲੇਸ਼ਵਰ ਪਹੁੰਚ ਗਏ। ਇਸ ਮਾਮਲੇ 'ਚ ਸੂਬੇ ਦੇ ਮੁੱਖ ਮੰਤਰੀ ਊਧਵ ਠਾਕੁਰੇ ਨੇ ਗੰਭੀਰਤਾ ਨਾਲ ਲਿਆ ਅਤੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੂੰ ਨਿੱਜੀ ਤੌਰ 'ਤੇ ਇਸ ਨੂੰ ਦੇਖਣ ਲਈ ਕਿਹਾ, ਜਿਸ ਤੋਂ ਬਾਅਦ ਗ੍ਰਹਿ ਵਿਭਾਗ 'ਚ ਤਾਇਨਾਤ ਚੀਫ਼ ਸਕੱਤਰ ਅਮਿਤਾਫ ਗੁਪਤਾ ਨੂੰ ਛੁੱਟੀ 'ਤੇ ਭੇਜ ਦਿਤਾ ਗਿਆ।
ਹੁਣ ਕਪਿਲ ਵਧਵਾਨ ਸਮੇਤ ਪੂਰੇ ਪਰਵਾਰ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਡੀ.ਐਚ.ਐਫ਼.ਐਲ ਦੇ ਪ੍ਰਮੋਟਰ ਕਪਿਲ ਵਧਵਾਨ ਅਤੇ ਧੀਰਜ ਵਧਵਾਨ ਅਪਣੇ ਪਰਵਾਰਕ ਮੈਂਬਰਾਂ ਨਾਲ ਘੁੰਮਣ ਲਈ ਖੰਡਾਲਾ ਤੋਂ ਮਹਾਬਲੇਸ਼ਵਰ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਚੀਫ਼ ਸਕੱਤਰ ਅਮਿਤਾਫ ਗੁਪਤਾ ਨੇ ਮਨਜ਼ੂਰੀ ਪੱਤਰ ਜਾਰੀ ਕੀਤਾ ਸੀ। ਇਸ ਮਾਮਲੇ 'ਚ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ 'ਚ ਕਪਿਲ ਵਧਵਾਨ ਅਤੇ ਧੀਰਜ ਵਧਵਾਨ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਹ ਵੀ ਦਸਿਆ ਜਾਂਦਾ ਹੈ ਕਿ ਕਪਿਲ ਵਧਵਾਨ ਅਤੇ ਧੀਰਜ ਵਧਵਾਨ ਯੈੱਸ ਬੈਂਕ ਅਤੇ ਡੀ.ਐਫ਼.ਐਚ.ਐਲ ਧੋਖਾਧੜੀ ਮਾਮਲਿਆਂ 'ਚ ਦੋਸ਼ੀ ਹਨ। (ਏਜੰਸੀ)