
ਅੱਜ ਫਿਰ ਉਨ੍ਹਾਂ ਨੂੰ ਸਮਾਗਮ ਵਿਚ ਆਉਣ ਦੀ ਬੇਨਤੀ ਕੀਤੀ ਗਈ ਪਰ ਉਨ੍ਹਾਂ ਅਪਣੀ ਸਹਿਮਤੀ ਨਹੀਂ ਦਿਤੀ
ਨਵੀਂ ਦਿੱਲੀ, ਜੱਜ ਜੇ ਚੇਲਮੇਸ਼ਵਰ ਨੇ ਸੇਵਾਮੁਕਤ ਹੋਣ ਮੌਕੇ ਉਨ੍ਹਾਂ ਦੇ ਸਨਮਾਨ ਵਿਚ 18 ਮਈ ਨੂੰ ਸੁਪਰੀਮ ਕੋਰਟ ਬਾਰ ਐਸੋਸੀਏਸ਼ਲ ਦੁਆਰਾ ਰੱਖੇ ਗਏ ਵਿਦਾਈ ਸਮਾਗਮ ਦਾ ਸੱਦਾ ਪ੍ਰਵਾਨ ਨਹੀਂ ਕੀਤਾ। ਉਹ 22 ਜੂਨ ਨੂੰ ਸੇਵਾਮੁਕਤ ਹੋ ਰਹੇ ਹਨ।ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦਸਿਆ ਕਿ ਉਨ੍ਹਾਂ ਨਿਜੀ ਕਾਰਨਾਂ ਦਾ ਹਵਾਲਾ ਦੇ ਕੇ ਸੱਦਾ ਪ੍ਰਵਾਨ ਨਹੀਂ ਕੀਤਾ। ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸ ਸਿੰਘ ਨੇ ਦਸਿਆ ਕਿ ਜੱਜ ਨਾਲ ਪਿਛਲੇ ਹਫ਼ਤੇ ਮੁਲਾਕਾਤ ਕੀਤੀ ਗਈ ਸੀ ਪਰ ਉਨ੍ਹਾਂ ਸੱਦਾ ਪ੍ਰਵਾਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਫਿਰ ਉਨ੍ਹਾਂ ਨੂੰ ਸਮਾਗਮ ਵਿਚ ਆਉਣ ਦੀ ਬੇਨਤੀ ਕੀਤੀ ਗਈ ਪਰ ਉਨ੍ਹਾਂ ਅਪਣੀ ਸਹਿਮਤੀ ਨਹੀਂ ਦਿਤੀ। ਜੱਜ ਨੇ ਮੈਂਬਰਾਂ ਨੂੰ ਦਸਿਆ ਕਿ ਜਦ ਉਨ੍ਹਾਂ ਦੀ ਆਂਧਰਾ ਤੋਂ ਦੂਜੇ ਰਾਜ ਵਿਚ ਬਦਲੀ ਹੋਈ ਸੀ ਤਾਂ ਉਸ ਵਕਤ ਵੀ ਉਨ੍ਹਾਂ ਵਿਦਾਈ ਸਮਾਗਮ ਦਾ ਸੱਦਾ ਪ੍ਰਵਾਨ ਨਹੀਂ ਕੀਤਾ ਸੀ। ਚੇਲਮੇਸ਼ਵਰ ਅੱਜ ਅਦਾਲਤ ਨਹੀਂ ਆਏ ਜਿਸ ਕਾਰਨ ਉਹ ਤੀਜੀ ਵਾਰ ਜੱਜਾਂ ਦੇ ਬੁਧਵਾਰ ਦੇ ਰਵਾਇਤੀ ਖਾਣੇ ਵਿਚ ਸ਼ਾਮਲ ਨਹੀਂ ਹੋ ਸਕੇ। ਜੱਜਾਂ ਦੇ ਹਰ ਬੁਧਵਾਰ ਨੂੰ ਹੋਣ ਵਾਲੇ ਰਵਾਇਤੀ ਖਾਣਾ ਸਮਾਗਮ ਵਿਚ ਵਾਰ ਵਾਰ ਜੱਜ ਅਪਣੇ ਗ੍ਰਹਿ ਰਾਜ ਤੋਂ ਖਾਣੇ ਲੈ ਕੇ ਆਉਂਦੇ ਹਨ।
Judge Chamleshwar
ਜੱਜ ਚੇਲਮੇਸ਼ਵਰ ਦੀ ਅਗਵਾਈ ਵਿਚ 12 ਜਨਵਰੀ ਨੂੰ ਸੁਪਰੀਮ ਕੋਰਟ ਦੇ ਚਾਰ ਜੱਜਾਂ ਦੀ ਪ੍ਰੈਸ ਕਾਨਫ਼ਰੰਸ ਵਿਚ ਮੁੱਖ ਜੱਜ ਦੀਪਕ ਮਿਸ਼ਰਾ 'ਤੇ ਲਾਏ ਗਏ ਦੋਸ਼ਾਂ ਮਗਰੋਂ ਹੀ ਉਹ ਵਿਵਾਦਾਂ ਵਿਚ ਘਿਰੇ ਹੋਏ ਹਨ। ਪ੍ਰੈਸ ਕਾਨਫ਼ਰੰਸ ਵਿਚ ਜੱਜ ਰੰਜਨ ਗੋਗਈ, ਜੱਜ ਮਦਨ ਬੀ ਲੋਕੂਰ ਅਤੇ ਜੱਜ ਕੁਰੀਅਨ ਜੋਸੇਫ਼ ਨੇ ਵੀ ਹਿੱਸਾ ਲਿਆ ਸੀ। ਐਸੋਸੀਏਸ਼ਨ ਦੇ ਸਕੱਤਰ ਵਿਕਰਾਂਤ ਯਾਦਵ ਨੇ ਦਸਿਆ ਕਿ ਜੱਜ ਚੇਲਮੇਸ਼ਵਰ ਨਾਲ ਅੱਜ ਉਨ੍ਹਾਂ ਦੇ ਘਰ ਜਾ ਕੇ ਬਾਰ ਦੇ ਮੈਂਬਰਾਂ ਨੇ ਮੁਲਾਕਾਤ ਕੀਤੀ ਪਰ ਉਨ੍ਹਾਂ ਅਪਣੇ ਵਿਦਾਈ ਸਮਾਗਮ ਦਾ ਸੱਦਾ ਪ੍ਰਵਾਨ ਨਹੀਂ ਕੀਤਾ। ਜੱਜਾਂ ਦੀ ਪ੍ਰੈਸ ਕਾਨਫ਼ਰੰਸ ਇਕ ਤਰ੍ਹਾਂ ਦਾ ਸਿਆਸੀ ਮੁੱਦਾ ਬਣ ਗਿਆ ਸੀ। ਮੁੱਖ ਵਿਰੋਧੀ ਧਿਰ ਕਾਂਗਰਸ ਨੇ ਇਸ ਮਾਮਲੇ ਵਿਚ ਸੱਤਾਧਿਰ ਨੂੰ ਘੇਰ ਲਿਆ ਸੀ। (ਏਜੰਸੀ)