
ਸਿਰ 'ਤੇ ਹੱਥ ਰੱਖ ਕੇ ਅਧਿਆਪਕ ਜਗਦੀਸ਼ ਨਾਇਕ ਨੇ ਦਿਤਾ ਅਸ਼ੀਰਵਾਦ
ਗੁਜਰਾਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗੁਜਰਾਤ ਦੌਰਾ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਖਾਸ ਹੋ ਜਾਂਦਾ ਹੈ। ਇਸ ਵਾਰ ਉਨ੍ਹਾਂ ਦੇ ਗੁਜਰਾਤ ਦੌਰੇ ਦੀ ਇਕ ਖਾਸ ਤਸਵੀਰ ਸਾਹਮਣੇ ਆਈ ਹੈ। ਇਸ ਤਸਵੀਰ 'ਚ ਪ੍ਰਧਾਨ ਮੰਤਰੀ (PM Modi) ਆਪਣੇ ਪ੍ਰਸ਼ੰਸਕਾਂ ਦੇ ਘੇਰੇ 'ਚ ਨਹੀਂ ਹਨ, ਸਗੋਂ ਉਸ ਵਿਅਕਤੀ ਨੂੰ ਮਿਲ ਰਹੇ ਹਨ, ਜਿਸ ਨੇ ਉਨ੍ਹਾਂ ਨੂੰ ਬਚਪਨ 'ਚ ਪੜ੍ਹਾਇਆ ਸੀ।
PM Modi
ਤਸਵੀਰ ਨਵਸਾਰੀ ਦੀ ਦੱਸੀ ਜਾ ਰਹੀ ਹੈ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸਕੂਲ ਦੇ ਸਾਬਕਾ ਅਧਿਆਪਕ ਨਾਲ ਮੁਲਾਕਾਤ ਕੀਤੀ। ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਕੂਲ ਅਧਿਆਪਕ ਦਾ ਨਾਂ ਜਗਦੀਸ਼ ਨਾਇਕ ਹੈ। ਇਸ ਤਸਵੀਰ 'ਚ ਪ੍ਰਧਾਨ ਮੰਤਰੀ ਹੱਥ ਜੋੜ ਕੇ ਆਪਣੇ ਅਧਿਆਪਕ ਨੂੰ ਸਲਾਮ ਕਰ ਰਹੇ ਹਨ, ਜਦਕਿ ਉਨ੍ਹਾਂ ਦੇ ਸਕੂਲ ਦੇ ਸਾਬਕਾ ਅਧਿਆਪਕ ਉਨ੍ਹਾਂ ਦੇ ਸਿਰ 'ਤੇ ਹੱਥ ਰੱਖ ਕੇ ਅਸ਼ੀਰਵਾਦ ਦੇ ਰਹੇ ਹਨ।
PM modi with his school teacher Jagdish Naik
ਕਿਸੇ ਵੀ ਅਧਿਆਪਕ ਲਈ ਇਸ ਤੋਂ ਵੱਧ ਖੁਸ਼ੀ ਦਾ ਦਿਨ ਹੋਰ ਕੀ ਹੋ ਸਕਦਾ ਹੈ ਕਿ ਉਸ ਵੱਲੋਂ ਪੜ੍ਹਾਇਆ ਗਿਆ ਵਿਦਿਆਰਥੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਬਿਰਾਜਮਾਨ ਹੋ ਕੇ ਉਸ ਦਾ ਆਸ਼ੀਰਵਾਦ ਲੈਣ ਲਈ ਉਸ ਕੋਲ ਪਹੁੰਚੇ। ਗਾਂਧੀ ਟੋਪੀ ਪਹਿਨੇ ਅਤੇ ਚਿੱਟੀ ਕਮੀਜ਼ ਪਹਿਨੇ, ਜਗਦੀਸ਼ ਨਾਇਕ ਪੀਐਮ ਮੋਦੀ ਨਾਲ ਮੁਲਾਕਾਤ ਦੌਰਾਨ ਖੁਸ਼ ਨਜ਼ਰ ਆ ਰਹੇ ਹਨ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ 'ਗੁਜਰਾਤ ਗੌਰਵ ਅਭਿਆਨ' ਦੌਰਾਨ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਅਤੇ ਨੀਂਹ ਪੱਥਰ ਰੱਖਣ ਲਈ ਨਵਸਾਰੀ ਪਹੁੰਚੇ ਸਨ। ਇਸ ਦੌਰਾਨ ਪੀਐਮ ਮੋਦੀ ਨੇ ਨਵਸਾਰੀ ਵਿੱਚ ਆਪਣੇ ਅਧਿਆਪਕ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਦੀ ਆਮਦ 'ਤੇ ਇੱਥੋਂ ਦੇ ਆਦਿਵਾਸੀ ਕਲਾਕਾਰਾਂ ਨੇ ਆਪੋ-ਆਪਣੀਆਂ ਪਰੰਪਰਾਵਾਂ ਅਨੁਸਾਰ ਜ਼ੋਰਦਾਰ ਸਵਾਗਤ ਕੀਤਾ। ਮੋਦੀ ਕਲਾਕਾਰਾਂ ਨਾਲ ਤੁਰਦੇ ਰਹੇ। ਗੁਜਰਾਤ ਵਿਧਾਨ ਸਭਾ ਚੋਣਾਂ ਇਸ ਸਾਲ ਦਸੰਬਰ ਵਿੱਚ ਹੋਣੀਆਂ ਹਨ। ਗੁਜਰਾਤ ਮੋਦੀ ਦਾ ਗ੍ਰਹਿ ਰਾਜ ਹੈ।
PM Modi
ਜਾਣੋ ਪ੍ਰਧਾਨ ਮੰਤਰੀ ਦਾ ਪੂਰਾ ਪ੍ਰੋਗਰਾਮ
ਪ੍ਰਧਾਨ ਮੰਤਰੀ ਦਫ਼ਤਰ (PMO) ਦੇ ਅਨੁਸਾਰ, ਨਵਸਾਰੀ ਵਿੱਚ ਏਐਮ ਨਾਇਕ ਹੈਲਥਕੇਅਰ ਕੰਪਲੈਕਸ ਅਤੇ ਨਿਰਾਲੀ ਮਲਟੀ ਸਪੈਸ਼ਲਿਟੀ ਹਸਪਤਾਲ ਖੋਲ੍ਹਿਆ ਗਿਆ ਹੈ। ਜਦੋਂ ਕਿ ਇੰਡੀਅਨ ਨੈਸ਼ਨਲ ਸੈਂਟਰ ਫਾਰ ਸਪੇਸ ਪ੍ਰਮੋਸ਼ਨ ਐਂਡ ਅਥਾਰਾਈਜ਼ੇਸ਼ਨ (IN-SPACE) ਦਾ ਮੁੱਖ ਦਫਤਰ ਅਹਿਮਦਾਬਾਦ ਦੇ ਬੋਪਲ ਵਿਖੇ ਬਣਾਇਆ ਗਿਆ ਹੈ। ਨਵਸਾਰੀ 'ਚ 'ਗੁਜਰਾਤ ਗੌਰਵ ਅਭਿਆਨ' ਤਹਿਤ ਕਬਾਇਲੀ ਖੇਤਰ ਖੁਡਵੇਲ 'ਚ ਕਰੀਬ 3,050 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ।
ਪੀਐਮਓ ਮੁਤਾਬਕ ਇਸ ਦੌਰਾਨ 7 ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਵੇਗਾ, 12 ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਅਤੇ 14 ਪ੍ਰੋਜੈਕਟ ਲੋਕਾਂ ਨੂੰ ਸੌਂਪੇ ਜਾਣਗੇ। ਇਹ ਪ੍ਰੋਜੈਕਟ ਖੇਤਰ ਵਿੱਚ ਪਾਣੀ ਦੀ ਸਪਲਾਈ ਵਿੱਚ ਸੁਧਾਰ ਕਰਨ ਦੇ ਨਾਲ-ਨਾਲ ਕਨੈਕਟੀਵਿਟੀ ਅਤੇ ਰਹਿਣ-ਸਹਿਣ ਦੀ ਸਹੂਲਤ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਨਗੇ।
ਮੋਦੀ ਨੇ ਤਾਪੀ, ਨਵਸਾਰੀ ਅਤੇ ਸੂਰਤ ਜ਼ਿਲ੍ਹਿਆਂ ਦੇ ਵਸਨੀਕਾਂ ਲਈ 961 ਕਰੋੜ ਰੁਪਏ ਦੇ 13 ਜਲ ਸਪਲਾਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਨਵਸਾਰੀ ਜ਼ਿਲ੍ਹੇ ਵਿੱਚ ਕਰੀਬ 542 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਵੀ ਸ਼ਾਮਲ ਹੈ। ਇਸ ਹਸਪਤਾਲ ਵਿੱਚ ਸਸਤੀਆਂ ਮੈਡੀਕਲ ਸਹੂਲਤਾਂ ਅਤੇ ਇਲਾਜ ਉਪਲਬਧ ਹੋਵੇਗਾ।