
ਸਰਕਾਰੀ ਅਧਿਕਾਰੀਆਂ ਨੇ ਰੀਪੋਰਟ ਨੂੰ ਕੀਤਾ ਖ਼ਾਰਜ
ਸ੍ਰੀਨਗਰ: ਭਾਰਤੀ ਅਰਥਵਿਵਸਥਾ ਨਿਗਰਾਨੀ ਕੇਂਦਰ (ਸੀ.ਐਮ.ਆਈ.ਈ.) ਨੇ ਅਪ੍ਰੈਲ ਦੀ ਅਪਣੀ ਰੀਪੋਰਟ ’ਚ ਦਾਅਵਾ ਕੀਤਾ ਹੈ ਕਿ ਜੰਮੂ-ਕਸ਼ਮੀਰ ’ਚ ਬੇਰੁਜ਼ਗਾਰੀ ਦਰ 23 ਫ਼ੀ ਸਦੀ ’ਤੇ ਪੁੱਜ ਗਈ ਹੈ। ਸੀ.ਐਮ.ਆਈ.ਈ. ਦੀ ਰੀਪੋਰਟ ਅਨੁਸਾਰ ਜੰਮੂ-ਕਸ਼ਮੀਰ ’ਚ ਨੌਕਰੀਆਂ ਖ਼ਤਮ ਹੋ ਰਹੀਆਂ ਹਨ। ਹਾਲਾਂਕਿ ਸਾਲ 2019 ’ਚ ਬਣੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਸਰਕਾਰੀ ਅਧਿਕਾਰੀ ਇਨ੍ਹਾਂ ਅੰਕੜਿਆਂ ਤੋਂ ਸੰਤੁ਼ਸਟ ਨਹੀਂ ਹਨ।
ਦਹਾਕਿਆਂ ਤੋਂ ਕਸ਼ਮੀਰ ਵਾਦੀ ’ਚ ਆਉਣ ਵਾਲੇ ਮਜ਼ਦੂਰਾਂ ਨੂੰ ਹੁਣ ਕੋਵਿਡ ਤੋਂ ਪਹਿਲਾਂ ਦੇ ਪੱਧਰ ਮੁਕਾਬਲੇ ਬਹੁਤ ਘੱਟ ਕੰਮ ਮਿਲ ਰਿਹਾ ਹੈ। ਇਨ੍ਹਾਂ ’ਚੋਂ ਜ਼ਿਆਦਾਤਰ ਮਜ਼ਦੂਰ, ਬਿਹਾਰ, ਪੰਜਾਬ, ਪਛਮੀ ਬੰਗਾਲ ਅਤੇ ਝਾਰਖੰਡ ਦੇ ਹਨ।
ਰੋਜ਼ਾਨਾ ਆਧਾਰ ’ਤੇ ਮਜ਼ਦੂਰੀ ਪਾਉਣ ਵਾਲੇ ਬਿਹਾਰ ਦੇ ਇਕ ਮਜ਼ਦੂਰ ਨਾਬਾ ਪਾਸਵਾਨ ਨੇ ਦਸਿਆ, ‘‘ਕੋਵਿਡ ਮਹਾਂਮਾਰੀ ਤੋਂ ਪਹਿਲਾਂ ਕੰਮ ਚੰਗਾ ਸੀ, ਪਰ ਹੁਣ ਬਿਲਕੁਲ ਕੰਮ ਨਹੀਂ ਹੈ। ਮੈਂ ਪਿਛਲੇ 10 ਦਿਨਾਂ ਤੋਂ ਬਗ਼ੈਰ ਕੰਮ ਤੋਂ ਬੈਠਿਆ ਹਾਂ। ਬਿਲਕੁਲ ਕੰਮ ਨਹੀਂ ਹੈ ਅਤੇ ਮਜ਼ਦੂਰੀ ਵੀ ਘੱਟ ਹੋ ਗਈ ਹੈ।’’
ਹਾਲਾਂਕਿ ਜੰਮੂ-ਕਸ਼ਮੀਰ ਸਰਕਾਰ ਦੇ ਇਕ ਅਧਿਕਾਰੀ ਨੇ ਰੀਪੋਰਟ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਇਹ ਰੀਪੋਰਟ ਅਸਲ ਸਥਿਤੀ ਨਹੀਂ ਦਸ ਰਹੀ ਹੈ। ਉਨ੍ਹਾਂ ਕਿਹਾ, ‘‘ਇਸ ਬਾਰੇ ਵੱਖੋ-ਵੱਖ ਰਾਏ ਹੋ ਸਕਦੀ ਹੈ। ਸਰਵੇਖਣ ਸਹੀ ਤਰ੍ਹਾਂ ਨਾਲ ਨਹੀਂ ਕੀਤਾ ਗਿਆ, ਜਿਸ ਕਰਕੇ ਅਸਲ ਬੇਰੁਜ਼ਗਾਰੀ ਦਰ ਪਤਾ ਲਗਦੀ।’’
ਰੁਜ਼ਗਾਰ ਡਾਇਰੈਕਟਰ ਨਿਸਾਰ ਅਹਿਮਦ ਵਾਨੀ ਨੇ ਕਿਹਾ, ‘‘ਜ਼ਿਲ੍ਹਾ ਵਿਕਾਸ ਕਮਿਸ਼ਨਰਾਂ ਦੇ ਤਾਲਮੇਲ ’ਚ ਵਿਭਾਗੀ ਸਰਵੇਖਣ ਅਨੁਸਾਰ ਪਿਛਲੇ ਵਿੱਤ ਵਰ੍ਹੇ ’ਚ ਬੇਰੁਜ਼ਗਾਰੀ ਦਰ 7.04 ਫ਼ੀ ਸਦੀ ਸੀ। ਇਸ ਤੋਂ ਬਾਅਦ ਅਸੀਂ ਹਰ ਜ਼ਿਲ੍ਹੇ ’ਚ ਇਕ ਪਿੰਡ ਅਤੇ ਇਕ ਤਹਿਸੀਲ ਦਾ ਸਰਵੇਖਣ ਕੀਤਾ।’’
ਉਨ੍ਹਾਂ ਕਿਹਾ, ‘‘ਅਸੀਂ ਸੂਬੇ ’ਚ 206 ਤਹਿਸੀਲਾਂ ’ਚ 206 ਪਿੰਡਾਂ ’ਚ ਸਰਵੇਖਣ ਕੀਤਾ ਪਰ ਸ਼ਹਿਰੀ ਇਲਾਕਿਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ। ਇਸ ਤਰ੍ਹਾਂ ਬੇਰੁਜ਼ਗਾਰੀ ਦਰ 8.04 ਫ਼ੀ ਸਦੀ ਨਿਕਲੀ।’’