
ਰਾਸ਼ਟਰਪਤੀ ਭਵਨ ਦੇ ਅੰਦਰ ਸਿਰਫ ਘਰੇਲੂ ਕੁੱਤੇ ਅਤੇ ਬਿੱਲੀਆਂ ਹੀ ਹਨ : ਦਿੱਲੀ ਪੁਲਿਸ ਦੇ ਅਧਿਕਾਰੀ
ਨਵੀਂ ਦਿੱਲੀ: ਨਰਿੰਦਰ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਲਈ ਸਹੁੰ ਚੁੱਕ ਸਮਾਰੋਹ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਸੰਸਦ ਮੈਂਬਰ ਦੁਰਗਾ ਦਾਸ ਉਈਕੇ ਦਾ ਇਕ ਵੀਡੀਉ ਸੋਮਵਾਰ ਨੂੰ ਵਾਇਰਲ ਹੋਇਆ, ਜਿਸ ’ਚ ਇਕ ਜਾਨਵਰ ਰਾਸ਼ਟਰਪਤੀ ਭਵਨ ਦੇ ਗਲਿਆਰੇ ’ਚ ਘੁੰਮਦਾ ਨਜ਼ਰ ਆ ਰਿਹਾ ਹੈ। ਕੁੱਝ ਲੋਕਾਂ ਨੇ ਇਸ ਬਾਰੇ ਅੰਦਾਜ਼ਾ ਲਗਾਇਆ ਕਿ ਇਹ ਸ਼ਾਇਦ ਤੇਂਦੁਆ ਸੀ।
ਉਈਕੇ ਨੇ ਸਹੁੰ ਚੁੱਕਣ ਤੋਂ ਬਾਅਦ ਰਜਿਸਟਰ ’ਤੇ ਦਸਤਖਤ ਕੀਤੇ ਅਤੇ ਰਾਸ਼ਟਰਪਤੀ ਦਾ ਸਵਾਗਤ ਕਰਨ ਲਈ ਪਹੁੰਚੇ। ਵੀਡੀਉ ਵਿਚ ਇਕ ਰਹੱਸਮਈ ਜਾਨਵਰ ਨੂੰ ਰਾਸ਼ਟਰਪਤੀ ਦੇ ਗਲਿਆਰੇ ਵਿਚ ਪਿੱਛੇ ਤੁਰਦੇ ਹੋਏ ਵਿਖਾਇਆ ਗਿਆ ਹੈ। ਹਾਲਾਂਕਿ, ਦਿੱਲੀ ਪੁਲਿਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਰਾਸ਼ਟਰਪਤੀ ਭਵਨ ਦੇ ਅੰਦਰ ਸਿਰਫ ਘਰੇਲੂ ਕੁੱਤੇ ਅਤੇ ਬਿੱਲੀਆਂ ਹੀ ਹਨ।
ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਉ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਲਾਂਘੇ ’ਚ ਨਜ਼ਰ ਆ ਰਿਹਾ ਜਾਨਵਰ ਤੇਂਦੂਆ ਹੈ। ਜੰਗਲਾਤ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਰਾਸ਼ਟਰਪਤੀ ਭਵਨ ਵਿਚ ਚੀਤੇ ਦੇ ਨਜ਼ਰ ਆਉਣ ਦੀ ਕੋਈ ਰੀਪੋਰਟ ਨਹੀਂ ਹੈ।
ਇਕ ਸੋਸ਼ਲ ਮੀਡੀਆ ਯੂਜ਼ਰ ਨੇ ਐਕਸ ’ਤੇ ਲਿਖਿਆ, ‘‘ਹੁਣੇ-ਹੁਣੇ ਰਾਸ਼ਟਰਪਤੀ ਭਵਨ ’ਚ ਕਰਵਾਏ ਨਰਿੰਦਰ ਮੋਦੀ ਜੀ ਦੇ ਸਹੁੰ ਚੁੱਕ ਸਮਾਰੋਹ ਦਾ ਇਹ ਵਾਇਰਲ ਵੀਡੀਉ ਵੇਖਿਆ । ਵੀਡੀਉ ’ਚ ਇਕ ਚੀਤਾ ਖੁੱਲ੍ਹ ਕੇ ਘੁੰਮਦਾ ਨਜ਼ਰ ਆ ਰਿਹਾ ਹੈ। ਇਹ ਬਹੁਤ ਜੋਖਮ ਭਰਿਆ ਹੈ।’’
ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਵੀਡੀਉ ਸਾਹਮਣੇ ਆਉਣ ਤੋਂ ਬਾਅਦ ਅਸੀਂ ਰਾਸ਼ਟਰਪਤੀ ਭਵਨ ਦੀ ਸੁਰੱਖਿਆ ਦੀ ਜਾਂਚ ਕੀਤੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਜਾਨਵਰ ਚੀਤਾ ਸੀ ਜਾਂ ਨਹੀਂ। ਉਸ ਨੇ ਕਿਹਾ ਕਿ ਅੰਦਰ ਕੋਈ ਚੀਤਾ ਨਹੀਂ ਸੀ। ਰਾਸ਼ਟਰਪਤੀ ਭਵਨ ਦੇ ਅੰਦਰ ਸਿਰਫ ਕੁੱਤੇ ਅਤੇ ਬਿੱਲੀਆਂ ਹਨ।’’
ਦਿੱਲੀ ਪੁਲਿਸ ਨੇ ਇਨ੍ਹਾਂ ਅਟਕਲਾਂ ’ਤੇ ਰੋਕ ਲਗਾਉਂਦੇ ਹੋਏ ਕਿਹਾ, ‘‘ਇਹ ਤੱਥ ਸੱਚ ਨਹੀਂ ਹਨ, ਕੈਮਰੇ ’ਚ ਕੈਦ ਹੋਇਆ ਜਾਨਵਰ ਇਕ ਆਮ ਘਰੇਲੂ ਬਿੱਲੀ ਹੈ। ਕਿਰਪਾ ਕਰ ਕੇ ਅਜਿਹੀਆਂ ਅਫਵਾਹਾਂ ਨੂੰ ਨਜ਼ਰਅੰਦਾਜ਼ ਕਰੋ।’’