
ਮਹਿਲਾ ਨਕਸਲੀ ਦੀ ਲਾਸ਼ ਤੋਂ ਇਲਾਵਾ ਮੌਕੇ ਤੋਂ 2 ਰਾਈਫਲਾਂ ਬਰਾਮਦ ਹੋਈਆਂ
Chhattisgarh News : ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਸੁਰੱਖਿਆ ਕਰਮੀਆਂ ਨੇ ਇੱਕ 30 ਸਾਲਾ ਮਹਿਲਾ ਨਕਸਲੀ ਨੂੰ ਢੇਰ ਕਰ ਦਿੱਤਾ ਹੈ। ਮਹਿਲਾ ਨਕਸਲੀ 'ਤੇ 8 ਲੱਖ ਰੁਪਏ ਦਾ ਇਨਾਮ ਸੀ। ਕਾਂਕੇਰ ਦੀ ਪੁਲਿਸ ਸੁਪਰਡੈਂਟ ਇੰਦਰਾ ਕਲਿਆਣ ਇਲੇਸੇਲਾ ਨੇ ਕਿਹਾ ਕਿ ਇਹ ਗੋਲੀਬਾਰੀ ਛੋਟੇਬੇਠੀਆ ਥਾਣਾ ਖੇਤਰ ਅਧੀਨ ਪਿੰਡ ਬੀਨਾਗੁੰਡਾ ਵਿੱਚ ਉਦੋਂ ਸ਼ੁਰੂ ਹੋਈ ਜਦੋਂ ਸੁਰੱਖਿਆ ਕਰਮਚਾਰੀ ਉਸ ਖੇਤਰ ਵਿੱਚ ਨਕਸਲ ਵਿਰੋਧੀ ਮੁਹਿੰਮ ਚਲਾ ਰਹੇ ਸਨ।
ਜ਼ਿਲ੍ਹਾ ਰਿਜ਼ਰਵ ਗਾਰਡ (DRG) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਨਕਸਲ ਵਿਰੋਧੀ ਮੁਹਿੰਮ ਵਿੱਚ ਬਸਤਰ ਦੇ ਲੜਾਕੇ ਅਤੇ ਸੀਮਾ ਸੁਰੱਖਿਆ ਬਲ (ਬੀਐਸਐਫ) ਦੀ 30ਵੀਂ ਅਤੇ 94ਵੀਂ ਬਟਾਲੀਅਨ ਦੇ ਸੁਰੱਖਿਆ ਕਰਮਚਾਰੀ ਸਾਂਝੇ ਤੌਰ 'ਤੇ ਸ਼ਾਮਲ ਸਨ। ਗੋਲੀਬਾਰੀ ਰੁਕਣ ਤੋਂ ਬਾਅਦ ਮਹਿਲਾ ਨਕਸਲੀ ਦੀ ਲਾਸ਼ ਤੋਂ ਇਲਾਵਾ ਮੌਕੇ ਤੋਂ 2 ਰਾਈਫਲਾਂ ਬਰਾਮਦ ਹੋਈਆਂ ਹਨ। ਇੰਦਰਾ ਕਲਿਆਣ ਨੇ ਇਹ ਜਾਣਕਾਰੀ ਦਿੱਤੀ।
ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਮਾਰੀ ਗਈ ਮਹਿਲਾ ਨਕਸਲੀ ਔਰਤ ਦੀ ਪਛਾਣ ਰੀਤਾ ਮਾਡਿਅਮ ਵਜੋਂ ਹੋਈ ਹੈ, ਜੋ ਬੀਜਾਪੁਰ ਜ਼ਿਲ੍ਹੇ ਦੇ ਪਿੰਡ ਮਾਨਕਲੇਲੀ ਦੀ ਰਹਿਣ ਵਾਲੀ ਸੀ। ਉਹ ਪੀਪਲਜ਼ ਲਿਬਰੇਸ਼ਨ ਗੁਰੀਲਾ ਆਰਮੀ (PLGA) ਦੀ ਇੱਕ ਸਰਗਰਮ ਮੈਂਬਰ ਸੀ, ਜਿਸ 'ਤੇ 8 ਲੱਖ ਰੁਪਏ ਦਾ ਇਨਾਮ ਸੀ।
ਨਕਸਲੀਆਂ ਖਿਲਾਫ ਕਾਰਵਾਈ ਤੇਜ਼
ਛੱਤੀਸਗੜ੍ਹ 'ਚੋਂ ਨਕਸਲੀਆਂ ਅਤੇ ਉਨ੍ਹਾਂ ਦੇ ਸੰਗਠਨ ਨੂੰ ਖਤਮ ਕਰਨ ਲਈ ਸੁਰੱਖਿਆ ਕਰਮਚਾਰੀ ਸੂਬੇ ਦੇ ਵੱਖ-ਵੱਖ ਇਲਾਕਿਆਂ 'ਚ ਲਗਾਤਾਰ ਆਪਰੇਸ਼ਨ ਚਲਾ ਰਹੇ ਹਨ। ਪੁਲਿਸ ਨੇ ਦੱਸਿਆ ਕਿ ਨਕਸਲ ਵਿਰੋਧੀ ਚੱਲ ਰਹੀ ਮੁਹਿੰਮ ਕਾਰਨ ਇਸ ਸਾਲ 139 ਨਕਸਲੀ ਮਾਰੇ ਗਏ ਹਨ। ਇਨ੍ਹਾਂ ਵਿੱਚੋਂ ਬਸਤਰ ਖੇਤਰ ਵਿੱਚ 137 ਮਾਓਵਾਦੀ ਅਤੇ ਰਾਏਪੁਰ ਡਿਵੀਜ਼ਨ ਦੇ ਧਮਤਰੀ ਖੇਤਰ ਵਿੱਚ 2 ਮਾਓਵਾਦੀ ਮਾਰੇ ਗਏ।