
ਇਕ ਲੱਖ ਕਰੋੜ ਰੁਪਏ ਦਾ ਖੇਤੀ ਬੁਨਿਆਦੀ ਢਾਂਚਾ ਫ਼ੰਡ ਸ਼ੁਰੂ
ਨਵੀਂ ਦਿੱਲੀ, 9 ਅਗੱਸਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪੈਦਾ ਹੋਏ ਸੰਕਟ ਨਾਲ ਨਜਿੱਠਣ ਵਿਚ ਕਿਸਾਨਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸਾਨਾਂ ਸਦਕਾ ਭਾਰਤ ਦੀ ਪੇਂਡੂ ਅਰਥਵਿਵਸਥਾ ਅੱਜ ਵੀ ਮਜ਼ਬੂਤ ਹੈ ਅਤੇ ਇਸ ਨਾਲ ਪੂਰੇ ਅਰਥਚਾਰੇ ਨੂੰ ਸਹਾਰਾ ਮਿਲਿਆ ਹੈ। ਉਨ੍ਹਾਂ ਖੇਤੀ ਖੇਤਰ ਦੇ ਵਿਕਾਸ ਲਈ ਅਪਣੀ ਸਰਕਾਰ ਦੀਆਂ ਤਮਾਮ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਖ਼ਾਸਕਰ ਛੋਟੇ ਕਿਸਾਨਾਂ ਦੇ ਹਿਤਾਂ ਨੂੰ ਇਨ੍ਹਾਂ ਯੋਜਨਾਵਾਂ ਦੇ ਕੇਂਦਰ ਵਿਚ ਰਖਿਆ ਗਿਆ ਹੈ।
PM Modi
ਪ੍ਰਧਾਨ ਮੰਤਰੀ ਨੇ ਕਿਸਾਨ ਸਨਮਾਨ ਫ਼ੰਡ ਦੀ ਛੇਵੀਂ ਕਿਸਤ ਤਹਿਤ 85 ਕਰੋੜ ਤੋਂ ਵੱਧ ਕਿਸਾਨਾਂ ਨੂੰ 17100 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਅਤੇ ਖੇਤੀ ਬੁਨਿਆਦੀ ਢਾਂਚਾ ਫ਼ੰਡ ਤਹਿਤ ਇਕ ਲੱਖ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਉਦਘਾਟਨ ਕੀਤਾ। ਪੀ ਐਮ ਕਿਸਾਨ ਤਹਿਤ ਕਿਸਾਨਾਂ ਨੂੰ ਹਰ ਸਾਲ ਦੋ-ਦੋ ਹਜ਼ਾਰ ਰੁਪਏ ਦੀਆਂ ਤਿੰਨ ਕਿਸ਼ਤਾਂ ਵਿਚ ਕੁਲ ਛੇ ਹਜ਼ਾਰ ਰੁਪਏ ਦੀ ਸਹਾਇਤਾ ਦਿਤੀ ਜਾਂਦੀ ਹੈ। ਮੋਦੀ ਨੇ ਵੀਡੀਉ ਕਾਨਫ਼ਰੰਸ ਜ਼ਰੀÂ ਕਿਸਾਨਾਂ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਇਸ ਦੌਰ ਵਿਚ, ਸਾਡੇ ਕਿਸਾਨਾਂ ਨੇ ਪਿਛਲੇ ਛੇ ਮਹੀਨਿਆਂ ਵਿਚ ਇਹ ਵਿਖਾ ਦਿਤਾ ਕਿ ਸਾਡਾ ਪੇਂਡੁ ਅਤੇ ਖੇਤੀ ਖੇਤਰ ਆਫ਼ਤ ਵਿਚ ਦੇਸ਼ ਦੀ ਕਿੰਨੀ ਵੱਡੀ ਮਦਦ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਕਿਸਾਨਾਂ ਦੀ ਤਪੱਸਿਆ ਨਾਲ ਹੀ ਅਸੀਂ 80 ਕਰੋੜ ਲੋਕਾਂ ਨੂੰ ਮੁਫ਼ਤ ਭੋਜਨ ਸਮੱਗਰੀ ਦੇਣ ਦਾ ਸੰਸਾਰ ਦਾ ਸੱਭ ਤੋਂ ਵੱਡਾ ਪ੍ਰੋਗਰਾਮ ਚਲਾਉਣ ਦੇ ਸਮਰੱਥ ਹੋਏ ਹਾਂ।' ਇਸ ਪ੍ਰੋਗਰਾਮ ਵਿਚ ਦੇਸ਼ ਭਰ ਦੇ ਕਿਸਾਨ, ਸਹਿਕਾਰੀ ਕਮੇਟੀਆਂ ਅਤੇ ਨਾਗਰਿਕ ਸ਼ਾਮਲ ਹੋਏ। ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਵੀ ਪ੍ਰੋਗਰਾਮ ਵਿਚ ਸ਼ਾਮਲ ਸਨ। ਪ੍ਰਧਾਨ ਮੰਤਰੀ ਨੇ ਕਿਹਾ, 'ਭਾਰਤ ਦੀ ਖੇਤੀ ਅਤੇ ਪੇਂਡੂ ਅਰਥਵਿਵਸਥਾ ਸੰਕਟ ਵਿਚ ਵੀ ਮਜ਼ਬੂਤ ਹੈ। ਅਸੀਂ ਬੀਜ ਅਤੇ ਖਾਦਾਂ ਦਾ ਰੀਕਾਰਡ ਉਤਪਾਦਨ ਕੀਤਾ ਹੈ। ਕਿਸਾਨਾਂ ਨੇ ਮਹਾਂਮਾਰੀ ਦੇ ਖ਼ਤਰੇ ਵਿਚਾਲੇ ਵੀ ਬੀਜਾਈ ਤੇ ਵਾਢੀ ਦੇ ਰੀਕਾਰਡ ਬਣਾਏ ਹਨ।'