
ਬ੍ਰਾਜ਼ੀਲ ਇਸ ਸਾਲ 1 ਦਸੰਬਰ ਨੂੰ ਅਧਿਕਾਰਤ ਤੌਰ 'ਤੇ ਜੀ-20 ਸਮੂਹ ਦੀ ਪ੍ਰਧਾਨਗੀ ਸੰਭਾਲੇਗਾ।
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਜੀ-20 ਸਮੂਹ ਦੀ ਪ੍ਰਧਾਨਗੀ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨੂੰ ਸੌਂਪ ਦਿੱਤੀ ਹੈ। ਇਸ ਮੌਕੇ 'ਤੇ ਲੂਲਾ ਡਾ ਸਿਲਵਾ ਨੇ ਉਭਰਦੀਆਂ ਅਰਥਵਿਵਸਥਾਵਾਂ ਦੇ ਹਿੱਤਾਂ ਨਾਲ ਜੁੜੇ ਮੁੱਦਿਆਂ ਨੂੰ ਆਵਾਜ਼ ਦੇਣ ਲਈ ਭਾਰਤ ਦੀ ਪ੍ਰਸ਼ੰਸਾ ਕੀਤੀ। ਜੀ-20 ਸਿਖ਼ਰ ਸੰਮੇਲਨ ਦੇ ਸਮਾਪਤੀ ਸੈਸ਼ਨ ਵਿਚ ਪੀਐੱਮ ਮੋਦੀ ਨੇ ਇਸ ਗਰੁੱਪ ਦੀ ਪ੍ਰਧਾਨਗੀ ਲਈ ਬ੍ਰਾਜ਼ੀਲ ਨੂੰ ਗਿਵੇਲ ਸੌਂਪਿਆ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਬ੍ਰਾਜ਼ੀਲ ਇਸ ਸਾਲ 1 ਦਸੰਬਰ ਨੂੰ ਅਧਿਕਾਰਤ ਤੌਰ 'ਤੇ ਜੀ-20 ਸਮੂਹ ਦੀ ਪ੍ਰਧਾਨਗੀ ਸੰਭਾਲੇਗਾ।
ਲੂਲਾ ਡਾ ਸਿਲਵਾ ਨੇ ਇਸ ਮੌਕੇ 'ਤੇ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੱਤੀ ਅਤੇ ਉਭਰਦੀਆਂ ਅਰਥਵਿਵਸਥਾਵਾਂ ਦੇ ਹਿੱਤ ਦੇ ਮੁੱਦਿਆਂ 'ਤੇ ਆਵਾਜ਼ ਦੇਣ ਲਈ ਭਾਰਤ ਦੇ ਯਤਨਾਂ ਲਈ ਧੰਨਵਾਦ ਪ੍ਰਗਟਾਇਆ। ਲੂਲਾ ਦਾ ਸਿਲਵਾ ਨੇ ਸਮਾਜਿਕ ਸ਼ਮੂਲੀਅਤ, ਭੁੱਖਮਰੀ ਵਿਰੁੱਧ ਲੜਾਈ, ਊਰਜਾ ਤਬਦੀਲੀ ਅਤੇ ਟਿਕਾਊ ਵਿਕਾਸ ਨੂੰ G20 ਦੀਆਂ ਤਰਜੀਹਾਂ ਵਜੋਂ ਸੂਚੀਬੱਧ ਕੀਤਾ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਆਪਣੀ ਸਿਆਸੀ ਤਾਕਤ ਬਰਕਰਾਰ ਰੱਖਣ ਲਈ ਸਥਾਈ ਅਤੇ ਗੈਰ-ਸਥਾਈ ਮੈਂਬਰਾਂ ਵਜੋਂ ਨਵੇਂ ਵਿਕਾਸਸ਼ੀਲ ਦੇਸ਼ਾਂ ਦੀ ਲੋੜ ਹੈ। ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਕਿਹਾ ਕਿ "ਅਸੀਂ ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਵਿੱਚ ਵਿਕਾਸਸ਼ੀਲ ਦੇਸ਼ਾਂ ਲਈ ਵਧੇਰੇ ਪ੍ਰਤੀਨਿਧਤਾ ਚਾਹੁੰਦੇ ਹਾਂ।"
ਜੀ-20 ਸਮੂਹ ਦੇ ਪਿਛਲੇ ਸਾਲ ਅਤੇ 2024 ਦੇ ਪ੍ਰਧਾਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੌਦਾ ਸੌਂਪਿਆ
ਓਧਰ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ, ਜੀ-20 ਸਮੂਹ ਦੀ ਪਿਛਲੀ ਚੇਅਰ ਅਤੇ ਅਗਲੇ ਸਾਲ ਦੀ ਪ੍ਰਧਾਨਗੀ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਸ ਇਨਾਸੀਓ ਲੂਲਾ ਦਾ ਸਿਲਵਾ ਨੇ ਐਤਵਾਰ ਨੂੰ ਸਮੂਹ ਦੇ ਮੌਜੂਦਾ ਪ੍ਰਧਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ-ਇੱਕ ਬੂਟਾ ਸੌਂਪਿਆ। ਜੀ-20 ਸਿਖ਼ਰ ਸੰਮੇਲਨ ਦੇ ਤੀਜੇ ਸੈਸ਼ਨ ਦੀ ਸ਼ੁਰੂਆਤ 'ਚ 'ਵਨ ਫਿਊਚਰ' ਵਿਸ਼ੇ 'ਤੇ ਇਕ ਪ੍ਰਤੀਕਾਤਮਕ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਇਸ ਵਿਚ ਪਹਿਲਾਂ ਵਿਡੋਡੋ ਨੇ ਮੋਦੀ ਨੂੰ ਇੱਕ ਪੌਦਾ ਭੇਂਟ ਕੀਤਾ ਅਤੇ ਇਸ ਤੋਂ ਬਾਅਦ ਲੂਲਾ ਡੀ ਸਿਲਵਾ ਨੇ ਇੱਕ ਬੂਟਾ ਸੌਂਪਿਆ। ਇਸ ਦੌਰਾਨ ਹੋਰਨਾਂ ਆਗੂਆਂ ਨੇ ਤਾੜੀਆਂ ਨਾਲ ਇਸ ਦਾ ਸਵਾਗਤ ਕੀਤਾ। ਇਸ ਦੇ ਨਾਲ ਹੀ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ "ਵਿਸ਼ਵ ਭਰੋਸੇ ਦੀ ਘਾਟ" ਨੂੰ ਖ਼ਤਮ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਮੋਦੀ ਨੇ ਇਹ ਵੀ ਐਲਾਨ ਕੀਤਾ ਕਿ ਅਫਰੀਕੀ ਸੰਘ ਨੂੰ ਜੀ-20 ਦੇ ਸਥਾਈ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ।