200 ਤੋਂ ਵੱਧ ਲੋਕਾਂ ਦੀ ਮੌਤ
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਮਨੀਪੁਰ ’ਚ ਸੁਰੱਖਿਆ ਡਿਊਟੀ ਲਈ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀ.ਆਰ.ਪੀ.ਐੱਫ.) ਦੀਆਂ ਦੋ ਨਵੀਆਂ ਬਟਾਲੀਅਨਾਂ ਤਾਇਨਾਤ ਕਰਨ ਦੇ ਹੁਕਮ ਦਿਤੇ ਹਨ। ਅਧਿਕਾਰਤ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ। ਸੂਤਰਾਂ ਨੇ ਦਸਿਆ ਕਿ ਬਟਾਲੀਅਨ ਨੰਬਰ 58 ਨੂੰ ਵਾਰੰਗਲ (ਤੇਲੰਗਾਨਾ) ਤੋਂ ਤਬਦੀਲ ਕੀਤਾ ਜਾ ਰਿਹਾ ਹੈ ਜਦਕਿ ਬਟਾਲੀਅਨ ਨੰਬਰ 112 ਨੂੰ ਲਾਤੇਹਾਰ (ਝਾਰਖੰਡ) ਤੋਂ ਤਬਦੀਲ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਕ ਬਟਾਲੀਅਨ ਮਨੀਪੁਰ ਦੇ ਕੰਗਵਾਈ (ਚੂਰਾਚਾਂਦਪੁਰ) ਅਤੇ ਇਸ ਦੇ ਆਸ-ਪਾਸ ਤਾਇਨਾਤ ਕੀਤੀ ਜਾਵੇਗੀ ਜਦਕਿ ਦੂਜੀ ਇੰਫਾਲ ਦੇ ਆਸ-ਪਾਸ ਤਾਇਨਾਤ ਕੀਤੀ ਜਾਵੇਗੀ। ਸੂਤਰਾਂ ਨੇ ਦਸਿਆ ਕਿ ਇਹ ਕਦਮ ਜੰਮੂ-ਕਸ਼ਮੀਰ ਅਤੇ ਉੱਤਰ-ਪੂਰਬ ਦੇ ਕੁੱਝ ਹੋਰ ਹਿੱਸਿਆਂ ’ਚ ਤਾਇਨਾਤੀ ਲਈ ਮਨੀਪੁਰ ਤੋਂ ਅਸਾਮ ਰਾਈਫਲਜ਼ ਦੀਆਂ ਦੋ ਬਟਾਲੀਅਨਾਂ ਨੂੰ ਵਾਪਸ ਬੁਲਾਉਣ ਤੋਂ ਬਾਅਦ ਆਇਆ ਹੈ।
ਗ੍ਰਹਿ ਮੰਤਰਾਲੇ ਨੇ ਹੁਕਮ ਦਿਤੇ ਹਨ ਕਿ ਇਨ੍ਹਾਂ ਦੋਹਾਂ ਨਵੀਆਂ ਬਟਾਲੀਅਨਾਂ ਦੀਆਂ ਸਾਰੀਆਂ ਕੰਪਨੀਆਂ (ਲਗਭਗ 6-6) ਨੂੰ ਹਿੰਸਾ ਪ੍ਰਭਾਵਤ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਤਾਇਨਾਤ ਕੀਤਾ ਜਾਵੇਗਾ, ਜਿੱਥੇ ਪਿਛਲੇ ਸਾਲ ਮਈ ਤੋਂ ਜਾਤ ਅਧਾਰਤ ਝੜਪਾਂ ਚੱਲ ਰਹੀਆਂ ਹਨ, ਜਿਸ ’ਚ 200 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।
ਸੀ.ਆਰ.ਪੀ.ਐਫ. ਦੀ ਇਕ ਬਟਾਲੀਅਨ ’ਚ ਲਗਭਗ 1,000 ਜਵਾਨ ਹੁੰਦੇ ਹਨ। ਫੋਰਸ ਦੀਆਂ ਤਿੰਨ ਮੁੱਖ ਕਿਸਮਾਂ ਦੀਆਂ ਡਿਊਟੀਆਂ ਹਨ- ਉੱਤਰ-ਪੂਰਬ ’ਚ ਅਤਿਵਾਦ ਦਾ ਮੁਕਾਬਲਾ ਕਰਨਾ, ਨਕਸਲ ਵਿਰੋਧੀ ਮੁਹਿੰਮਾਂ ਅਤੇ ਜੰਮੂ-ਕਸ਼ਮੀਰ ’ਚ ਅਤਿਵਾਦ ਵਿਰੋਧੀ ਮੁਹਿੰਮ।
ਸੂਤਰਾਂ ਨੇ ਦਸਿਆ ਕਿ ਪਿਛਲੇ ਸਾਲ ਦੀ ਹਿੰਸਾ ਤੋਂ ਬਾਅਦ ਮਨੀਪੁਰ ’ਚ ਫੋਰਸ ਦੀਆਂ 16 ਬਟਾਲੀਅਨਾਂ ਪਹਿਲਾਂ ਹੀ ਤਾਇਨਾਤ ਕੀਤੀਆਂ ਜਾ ਚੁਕੀਆਂ ਹਨ। ਹਿੰਸਾ ਭੜਕਣ ਤੋਂ ਪਹਿਲਾਂ ਮਨੀਪੁਰ ’ਚ ਫੋਰਸ ਦੀਆਂ 10-11 ਬਟਾਲੀਅਨਾਂ ਸਨ।
ਇਕ ਸੀਨੀਅਰ ਸੁਰੱਖਿਆ ਅਧਿਕਾਰੀ ਨੇ ਦਸਿਆ, ‘‘ਸੀ.ਆਰ.ਪੀ.ਐਫ. ਮਨੀਪੁਰ ’ਚ ਵੱਡੀ ਭੂਮਿਕਾ ਨਿਭਾਏਗੀ। ਪਿਛਲੇ ਸਾਲ ਮਈ ਵਿਚ ਮੇਈਤੇਈ ਅਤੇ ਕੁਕੀ ਲੋਕਾਂ ਵਿਚਾਲੇ ਹਿੰਸਾ ਭੜਕਣ ਤੋਂ ਬਾਅਦ ਫੋਰਸ ਦੀਆਂ ਨਵੀਆਂ ਬਟਾਲੀਅਨਾਂ ਨੂੰ ਰਾਜ ਵਿਚ ਭੇਜਿਆ ਗਿਆ ਸੀ ਅਤੇ ਹੁਣ ਫੈਸਲਾ ਲੈਣ ਦੀ ਪ੍ਰਕਿਰਿਆ ਵਿਚ ਸੁਧਾਰ ਲਈ ਫੋਰਸ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।’’
ਇਸ ਦੌਰਾਨ ਸੀ.ਆਰ.ਪੀ.ਐਫ. ਅਤੇ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦੇ ਅਧਿਕਾਰੀਆਂ ਅਤੇ ਕੁੱਝ ਸੁਤੰਤਰ ਤਕਨੀਕੀ ਮਾਹਰਾਂ ਦੀ ਇਕ ਸਾਂਝੀ ਟੀਮ ਇਸ ਹਫਤੇ ਦੇ ਅਖੀਰ ’ਚ ਮਨੀਪੁਰ ਦਾ ਦੌਰਾ ਕਰੇਗੀ। ਟੀਮ ਪਿਛਲੇ ਕੁੱਝ ਦਿਨਾਂ ’ਚ ਰਾਜ ਦੇ ਕੁੱਝ ਇਲਾਕਿਆਂ ’ਚ ਹਮਲੇ ’ਚ ਵਰਤੇ ਗਏ ਡਰੋਨ ਅਤੇ ਰਾਕੇਟਾਂ ਦਾ ‘ਵਿਸ਼ਲੇਸ਼ਣਤਮਕ ਅਧਿਐਨ’ ਕਰੇਗੀ।