ਰਾਖਵਾਂਕਰਨ ਖਤਮ ਕਰਨ ਲਈ ਸਾਲਾਂ ਤੋਂ ਸਾਜ਼ਿਸ਼
ਲਖਨਊ: ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਰਾਖਵਾਂਕਰਨ ਖਤਮ ਕਰਨ ਬਾਰੇ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਟਿਪਣੀ ’ਤੇ ਹਮਲਾ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਦੇ ਬਿਆਨ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਦੀ ਪਾਰਟੀ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਲਈ ਰਾਖਵਾਂਕਰਨ ਖਤਮ ਕਰਨ ਲਈ ਸਾਲਾਂ ਤੋਂ ਸਾਜ਼ਸ਼ ਰਚ ਰਹੀ ਹੈ।
ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅਮਰੀਕਾ ਦੀ ਜਾਰਜਟਾਊਨ ਯੂਨੀਵਰਸਿਟੀ ’ਚ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਭਾਰਤ ’ਚ ਰਾਖਵਾਂਕਰਨ ਕਦੋਂ ਤਕ ਜਾਰੀ ਰਹੇਗਾ, ਇਸ ਸਵਾਲ ’ਤੇ ਕਿਹਾ ਕਿ ਕਾਂਗਰਸ ਪਾਰਟੀ ਰਾਖਵਾਂਕਰਨ ਖਤਮ ਕਰਨ ਬਾਰੇ ਉਦੋਂ ਹੀ ਸੋਚੇਗੀ ਜਦੋਂ ਭਾਰਤ ’ਚ ਰਾਖਵਾਂਕਰਨ ਦੇ ਮਾਮਲੇ ’ਚ ਨਿਰਪੱਖਤਾ ਹੋਵੇਗੀ ਪਰ ਹੁਣ ਅਜਿਹਾ ਨਹੀਂ ਹੈ।
ਮਾਇਆਵਤੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਟਿਪਣੀਆਂ ਦੀ ਲੜੀ ’ਚ ਰਾਹੁਲ ਗਾਂਧੀ ਦੇ ਬਿਆਨ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ, ‘‘ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਲੰਮੇ ਸਮੇਂ ਤਕ ਕੇਂਦਰ ਦੀ ਸੱਤਾ ’ਚ ਰਹਿੰਦੇ ਹੋਏ ਨਾ ਤਾਂ ਓ.ਬੀ.ਸੀ. ਰਾਖਵਾਂਕਰਨ ਲਾਗੂ ਕੀਤਾ ਅਤੇ ਨਾ ਹੀ ਦੇਸ਼ ’ਚ ਜਾਤ ਅਧਾਰਤ ਮਰਦਮਸ਼ੁਮਾਰੀ ਕਰਵਾਈ। ਹੁਣ ਇਹ ਪਾਰਟੀ ਇਸ ਦੇ ਨਾਂ ’ਤੇ ਸੱਤਾ ’ਚ ਆਉਣ ਦਾ ਸੁਪਨਾ ਵੇਖ ਰਹੀ ਹੈ। ਉਨ੍ਹਾਂ ਦੇ ਇਸ ਡਰਾਮੇ ਤੋਂ ਸਾਵਧਾਨ ਰਹੋ ਜੋ ਭਵਿੱਖ ’ਚ ਕਦੇ ਵੀ ਜਾਤ ਅਧਾਰਤ ਮਰਦਮਸ਼ੁਮਾਰੀ ਨਹੀਂ ਕਰ ਸਕਣਗੇ।’’
ਮਾਇਆਵਤੀ ਨੇ ਕਿਹਾ, ‘‘ਹੁਣ ਕਾਂਗਰਸ ਪਾਰਟੀ ਦੇ ਸੁਪਰੀਮੋ ਨੂੰ ਵੀ ਰਾਹੁਲ ਗਾਂਧੀ ਦੇ ਇਸ ਡਰਾਮੇ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ, ਜਿਸ ’ਚ ਉਨ੍ਹਾਂ ਨੇ ਵਿਦੇਸ਼ ’ਚ ਕਿਹਾ ਹੈ ਕਿ ਜਦੋਂ ਭਾਰਤ ਬਿਹਤਰ ਸਥਿਤੀ ’ਚ ਹੋਵੇਗਾ ਤਾਂ ਅਸੀਂ ਐੱਸ.ਸੀ., ਐੱਸ.ਟੀ., ਓ.ਬੀ.ਸੀ. ਦਾ ਰਾਖਵਾਂਕਰਨ ਖਤਮ ਕਰ ਦੇਵਾਂਗੇ। ਇਹ ਸਪੱਸ਼ਟ ਹੈ ਕਿ ਕਾਂਗਰਸ ਸਾਲਾਂ ਤੋਂ ਉਨ੍ਹਾਂ ਦੇ ਰਾਖਵੇਂਕਰਨ ਨੂੰ ਖਤਮ ਕਰਨ ਦੀ ਸਾਜ਼ਸ਼ ਰਚ ਰਹੀ ਹੈ।’