
ਪ੍ਰਸਿੱਧ ਸਾਹਿਤਕ ਰਚਨਾਵਾਂ ਦੇ ਇਤਿਹਾਸਕ ਸੰਗ੍ਰਹਿ ਦਾ ਹਿੱਸਾ ਹੋਣੀਆਂ ਬਾਬਾ ਬੁੱਲ੍ਹੇ ਸ਼ਾਹ ਦੀਆਂ ਰਚਨਾਵਾਂ
Murty Classical Library of India : ਹਾਰਵਰਡ ਯੂਨੀਵਰਸਿਟੀ ਪ੍ਰੈਸ ‘ਮੂਰਤੀ ਕਲਾਸਿਕਸ’ ਦੀ 10ਵੀਂ ਵਰ੍ਹੇਗੰਢ ਦੇ ਮੌਕੇ ’ਤੇ ਭਾਰਤੀ ਉਪ ਮਹਾਂਦੀਪ ਦੀਆਂ ਕੁੱਝ ਸੱਭ ਤੋਂ ਮਸ਼ਹੂਰ ਸਾਹਿਤਕ ਰਚਨਾਵਾਂ ਦਾ ਇਕ ਨਵਾਂ ਇਤਿਹਾਸਕ ਸੰਗ੍ਰਹਿ ਪ੍ਰਕਾਸ਼ਤ ਕਰ ਰਹੀ ਹੈ।
‘ਮੂਰਤੀ ਕਲਾਸੀਕਲ ਲਾਇਬ੍ਰੇਰੀ ਆਫ ਇੰਡੀਆ’ ਦੀ ‘ਟੈੱਨ ਇੰਡੀਅਨ ਕਲਾਸਿਕਸ’ ਪੁਸਤਕ ਸੰਗ੍ਰਹਿ 18 ਅਕਤੂਬਰ ਨੂੰ ਜਾਰੀ ਕੀਤੇ ਜਾਣਗੇ। ਕਵੀ ਅਤੇ ਅਨੁਵਾਦਕ ਰਣਜੀਤ ਹੋਸਕੋਟ ਨੇ ਇਸ ਦੀ ਪੇਸ਼ਕਸ਼ ਲਿਖੀ ਹੈ।
ਇਸ ਸੰਗ੍ਰਹਿ ’ਚ ਈਸਾ ਪੂਰਵ ਛੇਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤਕ ਭਾਰਤੀ ਉਪ ਮਹਾਂਦੀਪ ’ਚ ਔਰਤਾਂ ਦੀ ਦੁਨੀਆਂ ਦੀਆਂ ਸੱਭ ਤੋਂ ਪੁਰਾਣੀਆਂ ਰਚਨਾਵਾਂ, ਬਿਹਤਰੀਨ ਸੰਸਕ੍ਰਿਤ ਦਰਬਾਰੀ ਕਵਿਤਾਵਾਂ ਅਤੇ ਪਵਿੱਤਰ ਸਿੱਖ ਪਰੰਪਰਾ ਦੇ ਛੰਦ ਸ਼ਾਮਲ ਹਨ ਜੋ ਲੱਖਾਂ ਲੋਕਾਂ ਵਲੋਂ ਪੜ੍ਹੀਆਂ ਜਾਂਦੀਆਂ ਹਨ।
ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਨਵਾਂ ਸੰਗ੍ਰਹਿ ਕੰਨੜ, ਪਾਲੀ, ਪੰਜਾਬੀ, ਫ਼ਾਰਸੀ, ਸੰਸਕ੍ਰਿਤ, ਤੇਲਗੂ ਅਤੇ ਉਰਦੂ ਹਿੰਦੀ ਵਿਚ ਭਾਰਤੀ ਸਾਹਿਤਕ ਪਰੰਪਰਾਵਾਂ ਦੇ ਮੂਲ ਅਨੁਵਾਦਾਂ ਨੂੰ ਵਿਖਾਉਂਦਾ ਹੈ।
ਇਸ ਸੰਗ੍ਰਹਿ ’ਚ ਮੁਗਲ ਬਾਦਸ਼ਾਹ ਅਕਬਰ ਦਾ ਪ੍ਰਸਿੱਧ ਇਤਿਹਾਸ ਅਤੇ ਤੁਲਸੀਦਾਸ ਵਲੋਂ ਰਚਿਤ ਮਹਾਂਕਾਵਿ ਰਾਮਾਇਣ ਦਾ ਪੁਨਰ-ਵਰਣਨ ਵੀ ਸ਼ਾਮਲ ਹੈ, ਜੋ ਅੱਜ ਵੀ ਭਾਰਤ ’ਚ ਪੜ੍ਹਿਆ ਜਾਂਦਾ ਹੈ। ਇਸ ’ਚ ਸੂਰਦਾਸ, ਮੀਰ ਤਕੀ ਮੀਰ ਅਤੇ ਬੁੱਲ੍ਹੇ ਸ਼ਾਹ ਦੀਆਂ ਕਵਿਤਾਵਾਂ ਵੀ ਸ਼ਾਮਲ ਹਨ ਜੋ ਅੱਜ ਵੀ ਕਲਾਕਾਰਾਂ ਨੂੰ ਪ੍ਰੇਰਿਤ ਕਰਦੀਆਂ ਹਨ।
ਪਿਛਲੇ ਦਹਾਕੇ ਦੌਰਾਨ, ਮੂਰਤੀ ਕਲਾਸੀਕਲ ਲਾਇਬ੍ਰੇਰੀ ਆਫ ਇੰਡੀਆ ਨੇ ਨਵੀਂ ਪੀੜ੍ਹੀ ਲਈ ਮੂਲ ਅਨੁਵਾਦ ’ਚ ਪਿਛਲੇ ਦੋ ਹਜ਼ਾਰ ਸਾਲਾਂ ਦੇ ਭਾਰਤ ਦੀਆਂ ਕੁੱਝ ਮਹਾਨ ਸਾਹਿਤਕ ਰਚਨਾਵਾਂ ਨੂੰ ਦੁਬਾਰਾ ਪੇਸ਼ ਕੀਤਾ ਹੈ। ਇਹ ਰਚਨਾਵਾਂ ਵਿਸ਼ਵ ਸਾਹਿਤ ਦੀ ਅਨਮੋਲ ਵਿਰਾਸਤ ਦਾ ਹਿੱਸਾ ਹਨ।
ਇਹ ਲੜੀ ਉਪਰ ਲਿਖੀ ਖੇਤਰੀ ਲਿਪੀ ’ਚ ਸ਼ਾਸਤਰੀ ਰਚਨਾਵਾਂ ਦੇ ਅੰਗਰੇਜ਼ੀ ਅਨੁਵਾਦ ਪ੍ਰਦਾਨ ਕਰਦੀ ਹੈ ਅਤੇ ਹਰ ਸਾਲ ਲੜੀ ’ਚ ਨਵੀਆਂ ਕਿਤਾਬਾਂ ਸ਼ਾਮਲ ਕੀਤੀਆਂ ਜਾਂਦੀਆਂ ਹਨ।
ਹਾਰਵਰਡ ਯੂਨੀਵਰਸਿਟੀ ਪ੍ਰੈਸ ਦੀ ਸੰਪਾਦਕੀ ਨਿਰਦੇਸ਼ਕ ਸ਼ਰਮੀਲਾ ਸੇਨ ਨੇ ਕਿਹਾ ਕਿ ‘ਟੈੱਨ ਇੰਡੀਅਨ ਕਲਾਸਿਕਸ’ ਦਖਣੀ ਏਸ਼ੀਆ ਦੇ ਜੀਵੰਤ ਸਾਹਿਤਕ ਸਭਿਆਚਾਰ ਦਾ ਜਸ਼ਨ ਹੈ।
ਉਨ੍ਹਾਂ ਕਿਹਾ, ‘‘ਹਰ ਪੰਨਾ ਪਿਛਲੇ ਦੋ ਹਜ਼ਾਰ ਸਾਲਾਂ ਤੋਂ ਭਾਰਤ ਦੀਆਂ ਮਹਾਨ ਸਾਹਿਤਕ ਰਚਨਾਵਾਂ ਨੂੰ ਦੁਨੀਆਂ ਦੇ ਸੱਭ ਤੋਂ ਵੱਡੇ ਪਾਠਕਾਂ ਸਾਹਮਣੇ ਪੇਸ਼ ਕਰਨ ਦੇ ਸਾਡੇ ਨਵੇਂ ਵਾਅਦੇ ਨਾਲ ਭਰਿਆ ਹੋਇਆ ਹੈ।’’ ਹੋਸਕੋਟੇ ਅਨੁਸਾਰ, ‘ਟੈੱਨ ਇੰਡੀਅਨ ਕਲਾਸਿਕਸ’ 2500 ਸਾਲਾਂ ਦੀ ਮਿਆਦ ’ਚ ਦਖਣੀ ਏਸ਼ੀਆ ਦੀਆਂ ਸਾਹਿਤਕ ਪਰੰਪਰਾਵਾਂ ਦੀ ਜੀਵੰਤ ਵੰਨ-ਸੁਵੰਨਤਾ ਦਾ ਪ੍ਰਤੀਕ ਹੈ।