
ਕਿਹਾ -ਮੰਨਿਆ ਜਾਂਦਾ ਹੈ ਕਿ ਉਹ ਵਿਦੇਸ਼ ਯਾਤਰਾ ਦੌਰਾਨ ਲਾਗ ਦੀ ਲਪੇਟ ’ਚ ਆਇਆ ਸੀ
Monkeypox in India : ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਮੰਗਲਵਾਰ ਨੂੰ ਕਿਹਾ ਕਿ ਐੱਲ.ਐੱਨ.ਜੇ.ਪੀ. ਹਸਪਤਾਲ ’ਚ ਦਾਖਲ ਮੰਕੀਪੋਕਸ ਦੇ ਇਕ ਮਰੀਜ਼ ਦੀ ਹਾਲਤ ਸਥਿਰ ਹੈ। ਭਾਰਦਵਾਜ ਨੇ ਮੰਕੀਪੋਕਸ ਅਤੇ ਡੇਂਗੂ ਨਾਲ ਨਜਿੱਠਣ ਲਈ ਇਸ ਦੀਆਂ ਤਿਆਰੀਆਂ ਦਾ ਮੁਲਾਂਕਣ ਕਰਨ ਲਈ ਹਸਪਤਾਲ ਦਾ ਅਚਨਚੇਤ ਨਿਰੀਖਣ ਕੀਤਾ।
ਉਨ੍ਹਾਂ ਕਿਹਾ, ‘‘ਐਲ.ਐਨ.ਜੇ.ਪੀ. ਹਸਪਤਾਲ ’ਚ ਇਕ ਮੰਕੀਪੋਕਸ ਦਾ ਮਰੀਜ਼ ਹੈ। ਮੰਨਿਆ ਜਾਂਦਾ ਹੈ ਕਿ ਉਹ ਵਿਦੇਸ਼ ਯਾਤਰਾ ਦੌਰਾਨ ਲਾਗ ਦੀ ਲਪੇਟ ’ਚ ਆਇਆ ਸੀ।’’ ਉਨ੍ਹਾਂ ਕਿਹਾ, ‘‘ਮਰੀਜ਼ ਨੂੰ ਆਈਸੋਲੇਸ਼ਨ ਵਾਰਡ ’ਚ ਰੱਖਿਆ ਗਿਆ ਹੈ ਅਤੇ ਉਸ ਦੀ ਹਾਲਤ ਸਥਿਰ ਹੈ।’’
ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਦਸਿਆ ਕਿ ਹਰਿਆਣਾ ਦੇ ਹਿਸਾਰ ਦੀ ਰਹਿਣ ਵਾਲੇ 26 ਸਾਲ ਦੇ ਮਰੀਜ਼ ਨੂੰ ਸਿਰਫ ਜਣਨ ਛਾਲੇ ਅਤੇ ਚਮੜੀ ’ਤੇ ਧੱਫੜ ਹਨ ਪਰ ਬੁਖਾਰ ਨਹੀਂ ਹੈ। ਭਾਰਦਵਾਜ ਨੇ ਕਿਹਾ ਕਿ ਮੰਕੀਪੋਕਸ ਬਾਰੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਸੰਪਰਕ ਰਾਹੀਂ ਫੈਲਦਾ ਹੈ ਨਾ ਕਿ ਹਵਾ ਰਾਹੀਂ।