ਅਣਮਿੱਥੇ ਸਮੇਂ ਲਈ ਲਗਾਇਆ ਗਿਆ ਕਰਫਿਊ , ਸੂਬੇ 'ਚ 6 ਦਿਨਾਂ ਲਈ ਇੰਟਰਨੈੱਟ 'ਤੇ ਪਾਬੰਦੀ
Manipur News : ਮਨੀਪੁਰ ਦੇ ਤਿੰਨ ਜ਼ਿਲ੍ਹਿਆਂ ’ਚ ਸ਼ਾਂਤੀ ਬਹਾਲੀ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਤੋਂ ਇਕ ਦਿਨ ਬਾਅਦ ਪਾਬੰਦੀ ਦੇ ਹੁਕਮ ਲਾਗੂ ਕਰ ਦਿਤੇ ਗਏ ਹਨ।
ਥੌਬਲ ’ਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ.ਐਨ.ਐਸ.ਐਸ.) ਦੀ ਧਾਰਾ 163 (2) ਤਹਿਤ ਅਣਮਿੱਥੇ ਸਮੇਂ ਲਈ ਕਰਫਿਊ ਲਗਾਇਆ ਗਿਆ ਹੈ, ਜਦਕਿ ਇੰਫਾਲ ਪੂਰਬੀ ਅਤੇ ਪਛਮੀ ਜ਼ਿਲ੍ਹਿਆਂ ’ਚ ਲੋਕਾਂ ਨੂੰ ਅਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਰੋਕਣ ਲਈ ਅਣਮਿੱਥੇ ਸਮੇਂ ਲਈ ਕਰਫਿਊ ਲਗਾਇਆ ਗਿਆ ਹੈ।
ਜ਼ਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਹੁਕਮ ’ਚ ਕਿਹਾ ਗਿਆ ਹੈ ਕਿ ਜ਼ਿਲ੍ਹੇ ’ਚ ਕਾਨੂੰਨ ਵਿਵਸਥਾ ਦੀ ਵਿਗੜਦੀ ਸਥਿਤੀ ਦੇ ਮੱਦੇਨਜ਼ਰ ਕਰਫਿਊ ’ਚ ਢਿੱਲ ਦੇਣ ਦੇ ਪਹਿਲਾਂ ਦੇ ਹੁਕਮ 10 ਸਤੰਬਰ ਨੂੰ ਸਵੇਰੇ 11 ਵਜੇ ਤੋਂ ਤੁਰਤ ਪ੍ਰਭਾਵ ਨਾਲ ਰੱਦ ਕਰ ਦਿਤੇ ਗਏ ਹਨ, ਇਸ ਲਈ ਇੰਫਾਲ ਪੂਰਬੀ ਜ਼ਿਲ੍ਹੇ ’ਚ ਅਗਲੇ ਹੁਕਮਾਂ ਤਕ ਤੁਰਤ ਪ੍ਰਭਾਵ ਨਾਲ ਮੁਕੰਮਲ ਕਰਫਿਊ ਲਗਾ ਦਿਤਾ ਗਿਆ ਹੈ।
ਇੰਫਾਲ ਪਛਮੀ ਦੇ ਜ਼ਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਇਕ ਹੋਰ ਹੁਕਮ ’ਚ ਕਿਹਾ ਗਿਆ ਹੈ ਕਿ 10 ਸਤੰਬਰ ਲਈ ਕਰਫਿਊ ’ਚ ਢਿੱਲ ਦੀ ਮਿਆਦ ਅੱਜ ਸਵੇਰੇ 11 ਵਜੇ ਤੋਂ ਹਟਾ ਦਿਤੀ ਗਈ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ 1 ਸਤੰਬਰ ਤੋਂ ਲੋਕਾਂ ਦੇ ਘਰਾਂ ਤੋਂ ਬਾਹਰ ਨਿਕਲਣ ’ਤੇ ਲੱਗੀ ਪਾਬੰਦੀ ਹਟਾ ਦਿਤੀ ਗਈ ਸੀ। ਇਸ ਤੋਂ ਪਹਿਲਾਂ 10 ਸਤੰਬਰ ਨੂੰ ਕਰਫਿਊ ’ਚ ਸਵੇਰੇ 5 ਵਜੇ ਤੋਂ ਰਾਤ 10 ਵਜੇ ਤਕ ਦੀ ਢਿੱਲ ਦਿਤੀ ਗਈ ਸੀ ਪਰ ਤਾਜ਼ਾ ਹੁਕਮ ਨੇ ਇਸ ਨੂੰ ਖਤਮ ਕਰ ਦਿਤਾ।
ਹਾਲਾਂਕਿ, ਮੀਡੀਆ, ਬਿਜਲੀ, ਅਦਾਲਤਾਂ ਅਤੇ ਸਿਹਤ ਸਮੇਤ ਜ਼ਰੂਰੀ ਸੇਵਾਵਾਂ ਨੂੰ ਕਰਫਿਊ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ।
ਦੋਹਾਂ ਜ਼ਿਲ੍ਹਿਆਂ ’ਚ ਇਹ ਹੁਕਮ ਅਜਿਹੇ ਸਮੇਂ ਆਏ ਹਨ ਜਦੋਂ ਮਨੀਪੁਰ ਦੇ ਵਿਦਿਆਰਥੀ ਸੂਬਾ ਸਰਕਾਰ ਦੇ ਡੀ.ਜੀ.ਪੀ. ਡੀ.ਜੀ., ਡੀ.ਜੀ.ਪੀ. ਅਤੇ ਸੁਰੱਖਿਆ ਸਲਾਹਕਾਰ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਅਪਣਾ ਵਿਰੋਧ ਤੇਜ਼ ਕਰਨ ਦੀ ਯੋਜਨਾ ਬਣਾ ਰਹੇ ਹਨ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਡੀ.ਜੀ.ਪੀ. ਅਤੇ ਸੁਰੱਖਿਆ ਸਲਾਹਕਾਰ ਰਾਜ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਸੰਭਾਲਣ ’ਚ ਅਸਮਰੱਥ ਹਨ।
ਇਸ ਦੌਰਾਨ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੀਆਂ ਸੈਂਕੜੇ ਵਿਦਿਆਰਥਣਾਂ ਨੇ ਇੰਫਾਲ ਦੇ ਖਵਾਇਰਾਮਬੰਦ ਮਹਿਲਾ ਬਾਜ਼ਾਰ ’ਚ ਲਗਾਏ ਗਏ ਕੈਂਪਾਂ ’ਚ ਰਾਤ ਬਿਤਾਈ। ਉਨ੍ਹਾਂ ਕਿਹਾ, ‘‘ਅਸੀਂ ਰਾਜਪਾਲ ਲਕਸ਼ਮਣ ਪ੍ਰਸਾਦ ਅਚਾਰੀਆ ਨੂੰ ਅਪਣੀਆਂ ਛੇ ਮੰਗਾਂ ਦਾ ਜਵਾਬ ਦੇਣ ਲਈ 24 ਘੰਟਿਆਂ ਦਾ ਸਮਾਂ ਦਿਤਾ ਹੈ। ਸਮਾਂ ਸੀਮਾ ਖਤਮ ਹੋਣ ਤੋਂ ਬਾਅਦ ਅਸੀਂ ਅਪਣੀ ਕਾਰਵਾਈ ਦਾ ਫੈਸਲਾ ਕਰਾਂਗੇ।’’
ਹਜ਼ਾਰਾਂ ਵਿਦਿਆਰਥੀਆਂ ਨੇ ਸੋਮਵਾਰ ਨੂੰ ਮਨੀਪੁਰ ਸਕੱਤਰੇਤ ਅਤੇ ਰਾਜ ਭਵਨ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਅਤੇ ਹਾਲ ਹੀ ’ਚ ਹੋਏ ਡਰੋਨ ਅਤੇ ਮਿਜ਼ਾਈਲ ਹਮਲਿਆਂ ਲਈ ਜ਼ਿੰਮੇਵਾਰ ਲੋਕਾਂ ਵਿਰੁਧ ਕਾਰਵਾਈ ਕਰਨ ਅਤੇ ਰਾਜ ਦੀ ਖੇਤਰੀ ਅਤੇ ਪ੍ਰਸ਼ਾਸਕੀ ਅਖੰਡਤਾ ਦੀ ਰੱਖਿਆ ਕਰਨ ਦੀ ਮੰਗ ਕੀਤੀ।
ਤਾਜ਼ਾ ਹਿੰਸਾ ’ਚ ਘੱਟੋ ਘੱਟ ਅੱਠ ਲੋਕ ਮਾਰੇ ਗਏ ਹਨ ਅਤੇ ਇਕ ਦਰਜਨ ਤੋਂ ਵੱਧ ਜ਼ਖਮੀ ਹੋਏ ਹਨ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਅਤੇ ਰਾਜਪਾਲ ਅਚਾਰੀਆ ਨਾਲ ਮੁਲਾਕਾਤ ਕੀਤੀ।