Gujarat News : ਚੀਨ ਤੋਂ ਆਏ ਲੱਸਣ ਦੀ ਗੈਰ-ਕਾਨੂੰਨੀ ਸਪਲਾਈ ਦੇ ਵਿਰੋਧ ’ਚ ਪ੍ਰਦਰਸ਼ਨ ਕੀਤਾ
Gujarat News : ਗੁਜਰਾਤ ਦੇ ਰਾਜਕੋਟ ਜ਼ਿਲ੍ਹੇ ਦੇ ਗੋਂਦਲ ਵਿਖੇ ਸਥਿਤ ਖੇਤੀਬਾੜੀ ਉਤਪਾਦ ਮਾਰਕੀਟਿੰਗ ਕਮੇਟੀ (ਏ.ਪੀ.ਐੱਮ.ਸੀ.) ’ਚ ਪਾਬੰਦੀਸ਼ੁਦਾ ਚੀਨੀ ਲੱਸਣ ਦੀ ਗੈਰ-ਕਾਨੂੰਨੀ ਸਪਲਾਈ ਦੇ ਵਿਰੋਧ ’ਚ ਵਪਾਰੀਆਂ ਨੇ ਮੰਗਲਵਾਰ ਨੂੰ ਨਿਲਾਮੀ ਰੋਕ ਦਿਤੀ।
ਉਨ੍ਹਾਂ ਕਿਹਾ ਕਿ ਗੋਂਦਲ ਏ.ਪੀ.ਐਮ.ਸੀ. ’ਚ ਚੀਨੀ ਲੱਸਣ ਦੀਆਂ ਕਈ ਬੋਰੀਆਂ ਮਿਲਣ ਤੋਂ ਬਾਅਦ ਵਪਾਰੀਆਂ ਨੇ ਇਕ ਦਿਨ ਦਾ ਵਿਰੋਧ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ। ਗੋਂਦਲ ਦੇ ਏ.ਪੀ.ਐਮ.ਸੀ. ਦੇ ਵਪਾਰੀ ਸੰਘ ਦੇ ਪ੍ਰਧਾਨ ਯੋਗੇਸ਼ ਕਿਆਡਾ ਨੇ ਕਿਹਾ, ‘‘ਅਸੀਂ ਪਾਬੰਦੀ ਦੇ ਬਾਵਜੂਦ ਚੀਨੀ ਲੱਸਣ ਦੇ ਭਾਰਤ ’ਚ ਆਉਣ ਦੇ ਗੈਰ-ਕਾਨੂੰਨੀ ਤਰੀਕੇ ਦਾ ਵਿਰੋਧ ਕਰ ਰਹੇ ਹਾਂ।’’
ਲਗਭਗ 500 ਲੱਸਣ ਵਪਾਰੀਆਂ ਨੇ ਨਿਲਾਮੀ ਰੋਕ ਦਿਤੀ। ਕਿਸਾਨ ਨਾਅਰੇਬਾਜ਼ੀ ਕਰਦੇ ਹੋਏ ਅਤੇ ਹੱਥਾਂ ’ਚ ਤਖ਼ਤੀਆਂ ਲੈ ਕੇ ਵਿਰੋਧ ਪ੍ਰਦਰਸ਼ਨ ’ਚ ਸ਼ਾਮਲ ਹੋਏ। ਵਪਾਰੀਆਂ ਮੁਤਾਬਕ ਚੀਨੀ ਲੱਸਣ ਅਪਣੇ ਆਕਾਰ ਅਤੇ ਗੰਧ ਕਾਰਨ ਵੱਖਰਾ ਹੁੰਦਾ ਹੈ ਅਤੇ ਸਥਾਨਕ ਫਸਲ ਨਾਲੋਂ ਸਸਤਾ ਹੁੰਦਾ ਹੈ। ਇਸ ਨਾਲ ਤਸਕਰਾਂ ਅਤੇ ਏਜੰਟਾਂ ਨੂੰ ਫਾਇਦਾ ਹੁੰਦਾ ਹੈ। ਵਪਾਰੀ ਮਨੀਸ਼ ਸਾਵਲਿਆ ਨੇ ਕਿਹਾ ਕਿ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਭੇਜੇ ਜਾ ਰਹੇ ਚੀਨੀ ਲੱਸਣ ਦੀ ਵੱਡੀ ਮਾਤਰਾ ਦਾ ਅਸਰ ਸਥਾਨਕ ਕਿਸਾਨਾਂ ’ਤੇ ਪਵੇਗਾ।
ਚੀਨ ਦੁਨੀਆਂ ਦਾ ਸੱਭ ਤੋਂ ਵੱਡਾ ਲੱਸਣ ਉਤਪਾਦਕ ਹੈ। ਭਾਰਤ ਨੇ 2014 ’ਚ ਚੀਨੀ ਲੱਸਣ ’ਤੇ ਪਾਬੰਦੀ ਲਗਾ ਦਿਤੀ ਸੀ ਕਿਉਂਕਿ ਇਸ ਨਾਲ ਦੇਸ਼ ਅੰਦਰ ਉੱਲੀਮਾਰ ਉਤਪਾਦਾਂ ਦੇ ਦੇਸ਼ ’ਚ ਦਾਖਲ ਹੋਣ ਦਾ ਖਦਸ਼ਾ ਸੀ। ਇਸ ’ਚ ਬਹੁਤ ਸਾਰੇ ਕੀਟਨਾਸ਼ਕ ਵੀ ਹੁੰਦੇ ਹਨ।