
ਜੱਜ ਨੇ ਕਿਹਾ ਕਿ ਕੋਈ ਸਬੂਤ ਜੁਰਮ ਨੂੰ ਸਾਬਤ ਨਹੀਂ ਕਰ ਸਕਿਆ
ਠਾਣੇ - ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੀ ਇੱਕ ਅਦਾਲਤ ਨੇ ਇੱਕ 34 ਸਾਲਾ ਔਰਤ ਨੂੰ ਆਪਣੀ ਨਵਜੰਮੀ ਬੱਚੀ ਦੀ ਹੱਤਿਆ ਦੇ ਦੋਸ਼ੀ 'ਸ਼ੱਕ ਦਾ ਲਾਭ' ਦਿੰਦੇ ਹੋਏ ਬਰੀ ਕਰ ਦਿੱਤਾ ਹੈ। ਕਲਿਆਣ ਦੀ ਇੱਕ ਅਦਾਲਤ ਦੇ ਵਧੀਕ ਸੈਸ਼ਨ ਜੱਜ ਨੇ 4 ਅਕਤੂਬਰ ਦੇ ਆਪਣੇ ਹੁਕਮ ਵਿੱਚ ਕਿਹਾ ਕਿ ਇਸਤਗਾਸਾ ਧਿਰ ਭਾਰਤੀ ਦੰਡਾਵਲੀ ਦੀ ਧਾਰਾ 302 (ਕਤਲ) ਦੇ ਤਹਿਤ ਔਰਤ ਵਿਰੁੱਧ ਦੋਸ਼ ਸਾਬਤ ਕਰਨ ਵਿੱਚ ਅਸਫ਼ਲ ਰਹੀ ਹੈ।
ਵਧੀਕ ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਔਰਤ ਨੇ 15 ਅਪ੍ਰੈਲ 2018 ਨੂੰ ਇੱਕ ਬੱਚੀ ਨੂੰ ਜਨਮ ਦਿੱਤਾ ਸੀ ਅਤੇ 17 ਅਪ੍ਰੈਲ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਉਸ ਦੀਆਂ ਪਹਿਲਾਂ ਹੀ ਦੋ ਧੀਆਂ ਹਨ। ਉਨ੍ਹਾਂ ਦੱਸਿਆ ਕਿ 21 ਅਪ੍ਰੈਲ 2018 ਨੂੰ ਕਲਿਆਣ ਸ਼ਹਿਰ ਦੇ ਪਿੰਡ ਉਮਬਰਦੇ ਦੀ ਰਹਿਣ ਵਾਲੀ ਔਰਤ ਆਪਣੇ ਪਤੀ ਅਤੇ ਨਵਜੰਮੀ ਬੱਚੀ ਨੂੰ ਲੈ ਕੇ ਸਿਵਲ ਹਸਪਤਾਲ ਗਈ, ਜਿੱਥੇ ਡਾਕਟਰਾਂ ਨੇ ਬੱਚੀ ਦੀ ਮੌਤ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਹੋ ਜਾਣ ਦੀ ਪੁਸ਼ਟੀ ਕੀਤੀ।
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਦੋਸ਼ ਲਗਾਇਆ ਕਿ ਔਰਤ ਨੇ ਤੀਜੀ ਲੜਕੀ ਹੋਣ ਕਰਕੇ ਬੱਚੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਜੱਜ ਨੇ ਆਪਣੇ ਹੁਕਮ 'ਚ ਕਿਹਾ ਕਿ ਇਸਤਗਾਸਾ ਪੱਖ ਇਹ ਸਾਬਤ ਨਹੀਂ ਕਰ ਸਕਿਆ ਕਿ ਮ੍ਰਿਤਕ ਲੜਕੀ ਦੇ ਗਲੇ 'ਤੇ ਪਾਏ ਗਏ ਨਹੁੰ ਦੇ ਨਿਸ਼ਾਨ ਦੋਸ਼ੀ ਔਰਤ ਦੇ ਸਨ।
ਜੱਜ ਨੇ ਕਿਹਾ, “ਕੋਈ ਵੀ ਗਵਾਹ ਨਹੀਂ ਮਿਲਿਆ ਜੋ ਇਹ ਸਾਬਤ ਕਰ ਸਕੇ ਕਿ ਦੋਸ਼ੀ ਨੇ ਲੜਕੀ ਦਾ ਮੂੰਹ ਅਤੇ ਗਲਾ ਦੱਬ ਕੇ ਉਸ ਦਾ ਕਤਲ ਕੀਤਾ ਸੀ।" ਅਦਾਲਤ ਨੇ ਕਿਹਾ ਕਿ ਸਬੂਤਾਂ ਦੀ ਘਾਟ ਦੇ ਆਧਾਰ 'ਤੇ ਔਰਤ ਨੂੰ ਬਰੀ ਕੀਤਾ ਜਾਂਦਾ ਹੈ।