ਸੀਐਮ ਆਤਿਸ਼ੀ ਨੇ ਕਿਹਾ ਕਿ ਹੁਣ ਦਿੱਲੀ 'ਚ ਵਿਧਾਇਕਾਂ ਨੂੰ ਹਰ ਸਾਲ ਵਿਧਾਇਕ ਫੰਡ ਵਿੱਚ 15 ਕਰੋੜ ਰੁਪਏ ਦਿੱਤੇ ਜਾਣਗੇ
Delhi cabinet hikes MLALAD fund : ਦਿੱਲੀ ਕੈਬਨਿਟ ਨੇ ਵੀਰਵਾਰ ਨੂੰ ਇੱਕ ਵੱਡਾ ਫੈਸਲਾ ਲਿਆ ਹੈ। ਵਿਧਾਇਕ ਫੰਡ ਨੂੰ ਸਾਲਾਨਾ 10 ਕਰੋੜ ਰੁਪਏ ਤੋਂ ਵਧਾ ਕੇ 15 ਕਰੋੜ ਰੁਪਏ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਦੇ ਜ਼ਰੀਏ ਸੀਐਮ ਆਤਿਸ਼ੀ ਨੇ ਕਿਹਾ ਕਿ ਹੁਣ ਦਿੱਲੀ 'ਚ ਵਿਧਾਇਕਾਂ ਨੂੰ ਹਰ ਸਾਲ ਵਿਧਾਇਕ ਫੰਡ ਵਿੱਚ 15 ਕਰੋੜ ਰੁਪਏ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਇਹ ਰਾਸ਼ੀ ਹੋਰਨਾਂ ਸੂਬਿਆਂ ਨਾਲੋਂ ਕਈ ਗੁਣਾ ਵੱਧ ਹੈ। ਸੀਐਮ ਆਤਿਸ਼ੀ ਅਨੁਸਾਰ ਪਿਛਲੇ 10 ਸਾਲਾਂ ਤੋਂ ਦਿੱਲੀ ਸਰਕਾਰ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਦਿੱਲੀ ਦੇ ਲੋਕਾਂ ਦੀ ਬਿਹਤਰੀ ਲਈ ਕੰਮ ਕੀਤਾ ਹੈ। ਇਹ ਅੱਗੇ ਵੀ ਜਾਰੀ ਰਹੇਗਾ। ਸੀਐਮ ਆਤਿਸ਼ੀ ਨੇ ਕਿਹਾ, ਅੱਜ ਦਿੱਲੀ ਸਰਕਾਰ ਦੀ ਕੈਬਨਿਟ ਨੇ ਇੱਕ ਅਹਿਮ ਮੀਟਿੰਗ ਵਿੱਚ ਵਿਧਾਇਕ ਫੰਡ ਨਾਲ ਜੁੜਿਆ ਵੱਡਾ ਫੈਸਲਾ ਲਿਆ।
ਦਿੱਲੀ ਸਰਕਾਰ ਦੀ ਕੈਬਨਿਟ ਨੇ ਲਿਆ ਅਹਿਮ ਫੈਸਲਾ
ਵਿਧਾਇਕ ਫੰਡ ਲੋਕਤੰਤਰ ਵਿੱਚ ਮਹੱਤਵਪੂਰਨ ਹੁੰਦਾ ਹੈ। ਇਸ ਨਾਲ ਜਨਤਾ ਆਪਣੇ ਹਲਕੇ 'ਚ ਛੋਟੇ-ਵੱਡੇ ਵਿਕਾਸ ਕਾਰਜ ਵਿਧਾਇਕ ਜ਼ਰੀਏ ਕਰਵਾ ਸਕਦੀ ਹੈ। ਵਿਧਾਇਕ ਫੰਡ ਜਨਤਾ ਦੀ ਆਵਾਜ਼ ਹੈ। ਉਨ੍ਹਾਂ ਕਿਹਾ ਕਿ ਅੱਜ ਦਿੱਲੀ ਸਰਕਾਰ ਦੀ ਕੈਬਨਿਟ ਨੇ ਅਹਿਮ ਫੈਸਲਾ ਲਿਆ ਹੈ। ਦਿੱਲੀ ਵਿੱਚ ਵਿਧਾਇਕ ਫੰਡ ਨੂੰ ਸਾਲਾਨਾ 10 ਕਰੋੜ ਰੁਪਏ ਤੋਂ ਵਧਾ ਕੇ 15 ਕਰੋੜ ਰੁਪਏ ਕਰ ਦਿੱਤਾ ਗਿਆ ਹੈ।
ਪੂਰੇ ਦੇਸ਼ ਵਿੱਚ ਕਿਸੇ ਵੀ ਸੂਬੇ ਵਿੱਚ ਇੰਨਾ ਵਿਧਾਇਕ ਫੰਡ ਨਹੀਂ
ਸੀਐਮ ਆਤਿਸ਼ੀ ਅਨੁਸਾਰ ਪੂਰੇ ਦੇਸ਼ ਵਿੱਚ ਕਿਸੇ ਵੀ ਰਾਜ ਵਿੱਚ ਇੰਨਾ ਵਿਧਾਇਕ ਫੰਡ ਕਿਸੇ ਵੀ ਸਰਕਾਰ ਨੇ ਨਹੀਂ ਦਿੱਤਾ ਹੈ। ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਗੁਜਰਾਤ 'ਚ ਹਰ ਵਿਧਾਨ ਸਭਾ ਵਿਧਾਇਕਾਂ ਨੂੰ ਸਾਲਾਨਾ 1.5 ਕਰੋੜ ਰੁਪਏ ਵਿਧਾਇਕ ਫੰਡ ਦੇ ਰੂਪ 'ਚ ਮਿਲਦੇ ਹਨ। ਜਦੋਂ ਕਿ ਆਂਧਰਾ ਪ੍ਰਦੇਸ਼-ਕਰਨਾਟਕ ਵਿੱਚ ਸਾਲਾਨਾ 2 ਕਰੋੜ ਰੁਪਏ ਵਿਧਾਇਕ ਫੰਡ ਹੈ।
ਉੜੀਸਾ, ਤਾਮਿਲਨਾਡੂ ਅਤੇ ਮੱਧ ਪ੍ਰਦੇਸ਼ ਵਿੱਚ ਇਹ ਫੰਡ 3 ਕਰੋੜ ਰੁਪਏ ਸਾਲਾਨਾ ਹੈ। ਮਹਾਰਾਸ਼ਟਰ, ਕੇਰਲ, ਝਾਰਖੰਡ, ਉਤਰਾਖੰਡ, ਰਾਜਸਥਾਨ, ਤੇਲੰਗਾਨਾ ਵਿੱਚ ਪ੍ਰਤੀ ਵਿਧਾਨ ਸਭਾ ਹਰ ਸਾਲ 5 ਕਰੋੜ ਰੁਪਏ ਦਾ ਵਿਧਾਇਕ ਫੰਡ ਮਿਲਦਾ ਹੈ। ਉਨ੍ਹਾਂ ਕਿਹਾ ਕਿ ਹੁਣ ਹਰ ਸਾਲ ਦਿੱਲੀ ਦੇ ਵਿਧਾਇਕਾਂ ਨੂੰ 15 ਕਰੋੜ ਰੁਪਏ ਦਾ ਵਿਧਾਇਕ ਫੰਡ ਮਿਲੇਗਾ।
ਦਿੱਲੀ ਵਾਲਿਆਂ ਦੇ ਕੰਮ ਦੁੱਗਣੀ ਰਫ਼ਤਾਰ ਨਾਲ ਹੋਣ ਵਾਲੇ ਹਨ
ਸੀਐਮ ਆਤਿਸ਼ੀ ਮੁਤਾਬਕ ਪਿਛਲੇ 10 ਸਾਲਾਂ ਤੋਂ ਦਿੱਲੀ ਸਰਕਾਰ ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਦਿੱਲੀ ਦੇ ਲੋਕਾਂ ਲਈ ਕੰਮ ਕਰ ਰਹੀ ਹੈ। ਸੀਐਮ ਆਤਿਸ਼ੀ ਨੇ ਟਵਿੱਟਰ 'ਤੇ ਕਿਹਾ ਕਿ ਅੱਜ ਦਿੱਲੀ ਕੈਬਨਿਟ ਨੇ ਦਿੱਲੀ 'ਚ ਵਿਧਾਇਕ ਫੰਡ ਨੂੰ 10 ਕਰੋੜ ਰੁਪਏ ਤੋਂ ਵਧਾ ਕੇ 15 ਕਰੋੜ ਰੁਪਏ ਕਰਨ ਦਾ ਫੈਸਲਾ ਕੀਤਾ ਹੈ। ਇਹ ਦੇਸ਼ ਭਰ ਦੇ ਦੂਜੇ ਰਾਜਾਂ ਨਾਲੋਂ ਬਹੁਤ ਜ਼ਿਆਦਾ ਹੈ। ਇਸ ਫੈਸਲੇ ਤੋਂ ਬਾਅਦ ਹੁਣ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਦਿੱਲੀ ਵਾਸੀਆਂ ਦੇ ਕੰਮ ਦੁੱਗਣੀ ਰਫ਼ਤਾਰ ਨਾਲ ਹੋਣ ਵਾਲੇ ਹਨ।
ਫੰਡ ਵਧਾਉਣ ਦਾ ਉਦੇਸ਼ ਲੋਕਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨਾ ਹੈ
ਸ਼ਹਿਰੀ ਵਿਕਾਸ ਮੰਤਰੀ ਸੌਰਭ ਭਾਰਦਵਾਜ ਮੁਤਾਬਕ ਇਸ ਸਾਲ ਰਾਜਧਾਨੀ ਵਿੱਚ ਬਹੁਤ ਜ਼ਿਆਦਾ ਮੀਂਹ ਪਿਆ। ਬਰਸਾਤ ਕਾਰਨ ਸੜਕਾਂ 'ਚ ਟੁੱਟ -ਫੁੱਟ ਦੇਖਣ ਨੂੰ ਮਿਲੀ। ਪਾਰਕਾਂ ਵਿੱਚ ਸੈਰ ਕਰਨ ਵਾਲੇ ਰਸਤਿਆਂ ਵਿੱਚ ਵੀ ਟੁੱਟ -ਫੁੱਟ ਦੇਖੀ ਗਈ। ਜ਼ਿਆਦਾ ਬਰਸਾਤ ਕਾਰਨ ਕਈ ਥਾਵਾਂ ’ਤੇ ਸੀਵਰੇਜ ਸਬੰਧੀ ਸਮੱਸਿਆਵਾਂ ਦੇਖਣ ਨੂੰ ਮਿਲੀਆਂ। ਉਨ੍ਹਾਂ ਕਿਹਾ ਕਿ ਵਿਧਾਇਕ ਫੰਡ ਇਸ ਲਈ ਤਿਆਰ ਕੀਤਾ ਗਿਆ ਸੀ ਕਿ ਜੇਕਰ ਵਿਧਾਇਕ ਆਪਣੇ ਹਲਕੇ ਵਿੱਚ ਜਾਵੇ ਅਤੇ ਉਨ੍ਹਾਂ ਨੂੰ ਕੋਈ ਸਮੱਸਿਆ ਦਿਖਾਈ ਦੇਵੇ ਤਾਂ ਉਹ ਉਸ ਦਾ ਤੁਰੰਤ ਹੱਲ ਕਰ ਸਕੇ। ਫਿਲਹਾਲ ਦਿੱਲੀ 'ਚ ਇਸ ਫੰਡ ਨੂੰ ਵਧਾਉਣ ਦਾ ਉਦੇਸ਼ ਲੋਕਾਂ ਨੂੰ ਤੁਰੰਤ ਰਾਹਤ ਦੇਣਾ ਹੈ।