
AAP ਸਾਂਸਦ ਦਾ ਦਾਅਵਾ - 4 ਅਕਤੂਬਰ ਨੂੰ ਹੀ CM ਨਿਵਾਸ ਦੀਆਂ ਚਾਬੀਆਂ ਦੇ ਦਿੱਤੀਆਂ ਸਨ
Delhi CM's residence sealed : ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਨਿਵਾਸ ਤੋਂ ਮੌਜੂਦਾ ਮੁੱਖ ਮੰਤਰੀ ਆਤਿਸ਼ੀ ਦੇ ਸਮਾਨ ਨੂੰ ਬਾਹਰ ਕੱਢਣ ਨੂੰ ਚੁਣੀ ਹੋਈ ਸਰਕਾਰ, ਇੱਕ ਮਹਿਲਾ ਮੁੱਖ ਮੰਤਰੀ ਅਤੇ ਜਨਾਦੇਸ਼ ਦਾ ਅਪਮਾਨ ਦੱਸਿਆ ਹੈ। ਵੀਰਵਾਰ ਨੂੰ 'ਆਪ' ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਭਾਜਪਾ ਲਗਾਤਾਰ ਝੂਠ ਫੈਲਾ ਰਹੀ ਹੈ ਕਿ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚਾਬੀਆਂ ਨਹੀਂ ਦਿੱਤੀਆਂ ਸਨ, ਜਦਕਿ ਆਮ ਪ੍ਰਸ਼ਾਸਨ ਵਿਭਾਗ ਦੇ ਪੱਤਰ 'ਚ ਸਪੱਸ਼ਟ ਹੈ ਕਿ ਉਨ੍ਹਾਂ ਨੇ 4 ਅਕਤੂਬਰ ਨੂੰ ਹੀ CM ਨਿਵਾਸ ਦੀਆਂ ਚਾਬੀਆਂ ਦੇ ਦਿੱਤੀਆਂ ਸਨ।
'ਆਪ' ਨੇਤਾਵਾਂ ਨੂੰ ਅਪਮਾਨਿਤ ਕਰਨ ਲਈ ਭਾਜਪਾ ਨਿੱਤ ਨਵੇਂ ਹੱਥਕੰਡੇ ਅਪਣਾ ਰਹੀ ਹੈ। 'ਆਪ' ਹੈੱਡਕੁਆਰਟਰ 'ਚ ਆਯੋਜਿਤ ਪ੍ਰੈੱਸ ਕਾਨਫਰੰਸ 'ਚ ਸੰਜੇ ਸਿੰਘ ਨੇ ਕਿਹਾ ਕਿ ਲੋਕ ਨਿਰਮਾਣ ਵਿਭਾਗ ਨੇ ਮੁੱਖ ਮੰਤਰੀ ਆਤਿਸ਼ੀ ਨੂੰ ਮੁੱਖ ਮੰਤਰੀ ਨਿਵਾਸ ਦੀਆਂ ਚਾਬੀਆਂ ਦਿੱਤੀਆਂ ਸਨ। ਆਤਿਸ਼ੀ ਨੇ ਆਪਣਾ ਸਮਾਨ ਸਰਕਾਰੀ ਰਿਹਾਇਸ਼ 'ਚ ਰੱਖਿਆ ਹੋਇਆ ਸੀ। ਦਿੱਲੀ ਦੇ ਲੋਕ ਜਾਣਨਾ ਚਾਹੁੰਦੇ ਹਨ ਕਿ LG ਨੇ ਕਿਸ ਅਧਿਕਾਰ ਨਾਲ ਮੁੱਖ ਮੰਤਰੀ ਦਾ ਸਮਾਨ ਸਰਕਾਰੀ ਰਿਹਾਇਸ਼ ਤੋਂ ਬਾਹਰ ਕੱਢਿਆ ਹੈ। ਭਾਜਪਾ ਪਿਛਲੇ 27 ਸਾਲਾਂ ਤੋਂ ਦਿੱਲੀ ਵਿੱਚ ਹਾਰ ਰਹੀ ਹੈ।
ਸੰਜੇ ਸਿੰਘ ਨੇ ਕਿਹਾ ਕਿ ਐੱਲ.ਜੀ. ਦੇ ਇਸ਼ਾਰੇ 'ਤੇ ਇਹ ਸਭ ਕੀਤਾ ਗਿਆ ਹੈ। ਉਨ੍ਹਾਂ ਨੇ 62 ਵਿਧਾਇਕਾਂ ਦਾ ਸਮਰਥਨ ਲੈ ਕੇ ਮੁੱਖ ਮੰਤਰੀ ਬਣੀ ਆਤਿਸ਼ੀ ਦਾ ਸਾਮਾਨ ਉਨ੍ਹਾਂ ਦੀ ਹੀ ਸਰਕਾਰੀ ਰਿਹਾਇਸ਼ ਤੋਂ ਬਾਹਰ ਸੁੱਟ ਦਿੱਤਾ। ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਦਿੱਲੀ ਦੀ ਜਨਤਾ ਨੇ ਜੋ ਜਨਾਦੇਸ਼ ਦਿੱਤਾ ਹੈ , ਇਹ ਉਸ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸ਼ਾਸਤ ਕੇਂਦਰ ਸਰਕਾਰ ਨੇ ਇੱਕ ਅਣ -ਚੁਣਿਆ ਐਲ.ਜੀ ਦਿੱਲੀ ਵਿੱਚ ਸਿਰਫ਼ ਇਸ ਲਈ ਬਿਠਾਇਆ ਹੈ,ਤਾਂ ਜੋ ਦਿੱਲੀ ਦਾ ਕੰਮ ਰੋਕ ਸਕੇ। ਚੁਣੇ ਹੋਏ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਨੂੰ ਅਪਮਾਨਿਤ ਕਰ ਸਕੇ।