
ਅਫ਼ਗ਼ਾਨ ਔਰਤਾਂ ਲਈ ਨਵਾਂ ਹੁਕਮ, ਪਾਰਕ ਅਤੇ ਜਿਮ ਜਾਣ 'ਤੇ ਪਾਬੰਦੀ
ਕਾਬੁਲ - ਤਾਲਿਬਾਨ ਵੱਲੋਂ ਅਫ਼ਗ਼ਾਨਿਸਤਾਨ ਵਿੱਚ ਔਰਤਾਂ ਵੱਲੋਂ ਜਿਮ ਦੀ ਵਰਤੋਂ ਕਰਨ 'ਤੇ ਪਾਬੰਦੀ ਲਗਾਈ ਜਾ ਰਹੀ ਹੈ। ਕੱਟੜਵਾਦੀ ਧਾਰਮਿਕ ਸਮੂਹ ਨੂੰ ਅਫ਼ਗ਼ਾਨਿਸਤਾਨ 'ਤੇ ਰਾਜ ਕਰਦਿਆਂ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਚੱਲਿਆ ਹੈ, ਅਤੇ ਇਸ ਤਾਜ਼ਾ ਹੁਕਮ ਨਾਲ ਉਸ ਨੇ ਔਰਤਾਂ ਦੇ ਅਧਿਕਾਰਾਂ ਅਤੇ ਆਜ਼ਾਦੀਆਂ 'ਤੇ ਇੱਕ ਨਵੀਂ ਰੋਕ ਲਗਾ ਦਿੱਤੀ ਹੈ।
ਤਾਲਿਬਾਨ ਨੇ ਪਿਛਲੇ ਸਾਲ ਦੇਸ਼ 'ਤੇ ਕਬਜ਼ਾ ਕੀਤਾ ਅਤੇ ਅਗਸਤ 2021 ਤੋਂ ਸੱਤਾ 'ਤੇ ਕਾਬਜ਼ ਹੈ। ਸ਼ੁਰੂਆਤ 'ਚ ਕੀਤੇ ਵੱਖ-ਵੱਖ ਕਿਸਮ ਦੇ ਵਾਅਦਿਆਂ ਦੇ ਬਾਵਜੂਦ, ਉਨ੍ਹਾਂ ਨੇ ਲੜਕੀਆਂ ਲਈ ਮਿਡਲ ਸਕੂਲ ਅਤੇ ਹਾਈ ਸਕੂਲ ਜਾਣ 'ਤੇ ਪਾਬੰਦੀ ਲਗਾਈ, ਰੁਜ਼ਗਾਰ ਦੇ ਜ਼ਿਆਦਾਤਰ ਖੇਤਰਾਂ ਤੋਂ ਔਰਤ ਨੂੰ ਵਾਂਝਾ ਕਰ ਦਿੱਤਾ, ਅਤੇ ਘਰ ਤੋਂ ਬਾਹਰ ਨਿੱਕਲਣ ਸਮੇਂ ਉਨ੍ਹਾਂ ਨੂੰ ਸਿਰ ਤੋਂ ਪੈਰਾਂ ਤੱਕ ਢਕਣ ਵਾਲੇ ਕੱਪੜੇ ਪਹਿਨਣ ਦਾ ਆਦੇਸ਼ ਦਿੱਤਾ।
ਇੱਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਇਹ ਪਾਬੰਦੀ ਇਸ ਲਈ ਲਗਾਈ ਗਈ ਹੈ ਕਿਉਂਕਿ ਲੋਕ ਲਿੰਗ ਆਧਾਰਿਤ ਹੁਕਮਾਂ ਨੂੰ ਨਜ਼ਰਅੰਦਾਜ਼ ਕਰ ਰਹੇ ਸੀ, ਅਤੇ ਔਰਤਾਂ ਨਾ ਹੀ ਹਿਜਾਬ ਪਹਿਨ ਰਹੀਆਂ ਤੇ ਨਾ ਹੀ ਸਿਰ ਢਕਣ ਦੇ ਨਿਯਮਾਂ ਦੀ ਪਾਲਣਾ ਕਰ ਰਹੀਆਂ ਸਨ। ਔਰਤਾਂ ਲਈ ਪਾਰਕਾਂ ਵਿੱਚ ਜਾਣ 'ਤੇ ਵੀ ਪਾਬੰਦੀ ਹੈ।ਔਰਤਾਂ ਵੱਲੋਂ ਜਿਮ ਅਤੇ ਪਾਰਕਾਂ ਦੀ ਵਰਤੋਂ ਕਰਨ 'ਤੇ ਪਾਬੰਦੀ ਇਸ ਹਫ਼ਤੇ ਲਾਗੂ ਹੋ ਗਈ ਹੈ। ਕਿਹਾ ਜਾ ਰਿਹਾ ਹੈ ਕਿ ਤਾਲਿਬਾਨ ਟੀਮਾਂ ਇਸ ਗੱਲ ਦੀ ਨਿਗਰਾਨੀ ਕਰਨਗੀਆਂ ਕਿ ਔਰਤਾਂ ਵੱਲੋਂ ਹੁਕਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਜਾਂ ਨਹੀਂ।