
ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੂੰ ਮਹਾਂਰਾਸ਼ਟਰ ਦੇ ਅਮਬਰਨਾਥ ਵਿਚ ਇਕ ਜਨਤਕ ਪ੍ਰੋਗਰਾਮ ਦੌਰਾਨ ਇਕ ਵਿਅਕਤੀ ਨੇ ਥੱਪੜ ਮਾਰ ਦਿਤਾ...........
ਮੁੰਬਈ : ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੂੰ ਮਹਾਂਰਾਸ਼ਟਰ ਦੇ ਅਮਬਰਨਾਥ ਵਿਚ ਇਕ ਜਨਤਕ ਪ੍ਰੋਗਰਾਮ ਦੌਰਾਨ ਇਕ ਵਿਅਕਤੀ ਨੇ ਥੱਪੜ ਮਾਰ ਦਿਤਾ। ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਘਟਨਾ ਸਨਿਚਰਵਾਰ ਰਾਤ ਦੀ ਹੈ ਜਦੋਂ ਸਮਾਜਕ ਨਿਆਂ ਅਤੇ ਸ਼ਕਤੀਕਰਨ ਰਾਜ ਮੰਤਰੀ ਸਟੇਜ ਤੋਂ ਹੇਠਾਂ ਉੱਤਰ ਰਹੇ ਸਨ। ਮੁਲਜ਼ਮ ਦੀ ਪਹਿਚਾਣ ਪ੍ਰਵੀਨ ਗੋਸਾਵੀ ਵਜੋਂ ਹੋਈ ਹੈ। ਪੁਲਿਸ ਨੇ ਦਸਿਆ ਕਿ ਅਮਬਰਨਾਥ ਵਿਚ ਮੁਢਲੇ ਇਲਾਜ਼ ਮਗਰੋਂ ਗੋਸਾਵੀ ਨੂੰ ਮੁੰਬਈ ਵਿਚ ਜੇ.ਜੇ. ਹਸਪਤਾਲ ਵਿਚ ਭਰਤੀ ਕਰਾਇਆ ਗਿਆ।
ਅਠਾਵਲੇ ਨੇ ਇਸ ਘਟਨਾ 'ਤੇ ਪੁਲਿਸ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਸਖ਼ਤ ਸੁਰੱਖਿਆ ਨਾ ਹੋਣ ਕਾਰਨ ਇਹ ਘਟਨਾ ਵਾਪਰੀ। ਘਟਨਾ ਮਗਰੋਂ ਅਠਾਵਲੇ ਦੇ ਸਮੱਰਥਕਾਂ ਨੇ ਉਸ ਦੀ ਕੁੱਟਮਾਰ ਵੀ ਕੀਤੀ ਅਤੇ ਇਸ ਦੇ ਵਿਰੋਧ ਵਿਚ ਐਤਵਾਰ ਨੂੰ ਅੰਬਰਨਾਥ ਬੰਦ ਰੱਖਣ ਦਾ ਸੱਦਾ ਦਿਤਾ। ਉਨ੍ਹਾਂ ਵਲੋਂ ਪਾਰਟੀ ਵਰਕਰਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਅਧਿਕਾਰੀਆਂ ਨੇ ਦਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਵਿਚ ਸ਼ਾਂਤੀ ਅਤੇ ਨਿਗਰਾਨੀ ਰੱਖਣ ਲਈ ਪੁਲਿਸ ਕਰਮਚਾਰੀ ਤੈਨਾਤ ਹਨ।ਥੱਪੜ ਮਾਰਨ ਦੇ ਕਾਰਨ ਦਾ ਅਜੇ ਤਕ ਪਤਾ ਨਹੀਂ ਲੱਗਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। (ਪੀਟੀਆਈ)