
ਪੁਲਿਸ ਨੇ ਅਰੋਪੀ ਤਾਪਸ ਘੋਸ਼ ਨੂੰ ਕੀਤਾ ਗ੍ਰਿਫ਼ਤਾਰ
ਨਵੀਂ ਦਿੱਲੀ: ਭਾਰਤ ਦੇ ਚੀਫ਼ ਜਸਟਿਸ ਸ਼ਰਦ ਅਰਵਿੰਦ ਬੋਬੜੇ ਦੀ ਮਾਂ ਮੁਕਤਾ ਬੋਬੜੇ ਨੂੰ ਉਹਨਾਂ ਦੇ ਕੇਅਰਟੇਕਰ ਨੇ 2.5 ਕਰੋੜ ਦਾ ਚੂਨਾ ਲਗਾਇਆ ਹੈ। ਪੁਲਿਸ ਨੇ ਅਰੋਪੀ ਤਾਪਸ ਘੋਸ਼ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਾਗਪੁਰ ਪੁਲਿਸ ਕਮਿਸ਼ਨਰ ਅਮਿਤੇਸ਼ ਕੁਮਾਰ ਨੇ ਕਿਹਾ ਕਿ ਡੀਸੀਪੀ ਵਿਨੀਤਾ ਸਾਹੂ ਦੀ ਦੇਖਰੇਖ ਵਿਚ ਇਕ ਵਿਸ਼ੇਸ਼ ਜਾਂਚ ਦਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
Justice SA Bobde
ਦਰਅਸਲ ਸੀਜੇਆਈ ਐਸਏ ਬੋਬੜੇ ਦੀ ਮਾਂ ਮੁਕਤਾ ਬੋਬੜੇ, ਆਕਾਸ਼ਵਾਣੀ ਸਕੁਆਇਰ ਦੇ ਨੇੜੇ ਸਥਿਤ ਸੀਡਨ ਲਾਨ ਦੀ ਮਾਲਕਣ ਹੈ, ਜੋ ਵਿਆਹ ਤੇ ਹੋਰ ਕਾਰਜਾਂ ਲਈ ਕਿਰਾਏ 'ਤੇ ਦਿੱਤਾ ਜਾਂਦਾ ਹੈ। ਬੋਬੜੇ ਪਰਿਵਾਰ ਨੇ ਤਾਪਸ ਘੋਸ਼ ਨੂੰ 2007 ਵਿਚ ਸੀਡਨ ਲਾਨ ਦਾ ਕੇਅਰਟੇਕਰ ਨਿਯੁਕਤ ਕੀਤਾ ਸੀ। ਉਸ ਨੂੰ ਸੈਲਰੀ ਤੋਂ ਇਲਾਵਾ ਬੁਕਿੰਗ 'ਤੇ ਕਮਿਸ਼ਨ ਮਿਲਦਾ ਸੀ।
Sharad Arvind Bobde
ਨਾਗਪੁਰ ਪੁਲਿਸ ਦੇ ਸੀਪੀ ਨੇ ਕਿਹਾ ਕਿ ਇਸ ਧੋਖਾਧੜੀ ਦਾ ਖੁਲਾਸਾ ਲੌਕਡਾਊਨ ਦੌਰਾਨ ਹੋਇਆ। ਪੁਲਿਸ ਅਧਿਕਾਰੀ ਨੇ ਕਿਹਾ ਕਿ ਅਰੋਪੀ ਨੇ ਮੁਕਤਾ ਬੋਬੜੇ ਦੀ ਉਮਰ ਤੇ ਖ਼ਰਾਬ ਸਿਹਤ ਦਾ ਫਾਇਦਾ ਚੁੱਕਿਆ ਹੈ। ਉਸ ਨੇ ਕਈ ਫਰਜ਼ੀ ਰਸੀਦਾਂ ਬਣਾਈਆਂ ਤੇ ਢਾਈ ਕਰੋੜ ਦਾ ਘਪਲਾ ਕੀਤਾ। ਅਧਿਕਾਰੀ ਦਾ ਕਹਿਣਾ ਹੈ ਕਿ ਘਪਲੇ ਦੀ ਰਾਸ਼ੀ ਇਸ ਤੋਂ ਜ਼ਿਆਦਾ ਵੀ ਹੋ ਸਕਦੀ ਹੈ।