
ਸੀਬੀਐਸਈ ਵੱਲੋਂ ਪ੍ਰੀਖਿਆਵਾਂ ਦੀਆਂ ਤਿਆਰੀਆਂ ਲਈ ਵਿਦਿਆਰਥੀਆਂ ਨੂੰ ਵਾਜਬ ਸਮਾਂ ਦਿੱਤਾ ਜਾਵੇਗਾ
ਨਵੀਂ ਦਿੱਲੀ : ਭਾਰਤ ਦੇ ਸਿੱਖਿਆ ਮੰਤਰੀ ਰਮੇਸ਼ ਪੋਖਰੀਆਲ ‘ਨਿਸ਼ੰਕ’ ਨੇ ਅੱਜ ਵੈੱਬੀਨਾਰ ਰਾਹੀਂ ਵਿਦਿਆਰਥੀਆਂ ਤੇ ਹੋਰ ਸਬੰਧਤ ਧਿਰਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਗੱਲਬਾਤ ਦੌਰਾਨ ਮੰਤਰੀ ਨੇ ਸੰਕੇਤ ਦਿੱਤਾ ਕਿ ਸੀਬੀਐਸਈ ਵੱਲੋਂ 10ਵੀਂ, 12ਵੀਂ ਦੀਆਂ ਬੋਰਡ ਪ੍ਰੀਖਿਆਵਾਂ 2021 ਵਿਚ ਲਈਆਂ ਜਾਣਗੀਆਂ।
ਉਨ੍ਹਾਂ ਵਿਦਿਆਰਥੀਆਂ ਨੂੰ ਇਮਤਿਹਾਨਾਂ ਦੀ ਪੂਰੀ ਤਿਆਰੀ ਕਰਨ ਦਾ ਸੁਝਾਅ ਦਿੱਤਾ। ਦੱਸ ਦਈਏ ਕਿ ਸੀਬੀਐਸਈ 2021, ਜੇਈਈ 2021, ਨੀਟ 2021 ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਬਾਰੇ ਹੁਣ ਤੱਕ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲੱਗਦੀਆਂ ਰਹੀਆਂ ਹਨ। ਕੇਂਦਰੀ ਸਿੱਖਿਆ ਮੰਤਰੀ ਨੇ ਜੇਈਈ ਮੇਨ 2021 ਅਤੇ ਨੀਟ 2021 ਦੀਆਂ ਪ੍ਰੀਖਿਆਵਾਂ ਬਾਰੇ ਕਿਹਾ ਕਿ ਇਨ੍ਹਾਂ ਦੋਵਾਂ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਸਿਲੇਬਸ ਨੂੰ ਘਟਾਉਣ ਲਈ ਡੂੰਘਾਈ ਨਾਲ ਵਿਚਾਰ ਵਟਾਂਦਰੇ ਚੱਲ ਰਹੇ ਹਨ।
Ramesh Pokhriyal
ਨਿਸ਼ਾਂਕ ਨੇ ਕਿਹਾ ਕਿ ਜੇਈਈ ਮੇਨ ਦੀ ਪ੍ਰੀਖਿਆ ਅਜੇ ਵੀ ਸਾਲ ਵਿਚ ਦੋ ਵਾਰ ਆਯੋਜਤ ਕੀਤੀ ਜਾਂਦੀ ਹੈ। ਸਰਕਾਰ ਤਿੰਨ ਤੋਂ ਚਾਰ ਵਾਰ ਅਜਿਹਾ ਕਰਨ ਦੇ ਸੁਝਾਅ 'ਤੇ ਵਿਚਾਰ ਕਰ ਰਹੀ ਹੈ। ਮੰਤਰੀ ਨੇ ਕਿਹਾ ਕਿ ਸੀਬੀਐਸਈ ਵੱਲੋਂ ਪ੍ਰੀਖਿਆਵਾਂ ਦੀਆਂ ਤਿਆਰੀਆਂ ਲਈ ਵਿਦਿਆਰਥੀਆਂ ਨੂੰ ਵਾਜਬ ਸਮਾਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰੀਖਿਆਵਾਂ ਦੀਆਂ ਤਰੀਕਾਂ ਬਾਰੇ ਫ਼ੈਸਲਾ ਕੋਰੋਨਾ ਵਾਇਰਸ ਮਹਾਂਮਾਰੀ ਦੇ ਉਸ ਵੇਲੇ ਦੇ ਹਾਲਾਤ ਨੂੰ ਧਿਆਨ ’ਚ ਰੱਖਦਿਆਂ ਹੀ ਲਿਆ ਜਾਵੇਗਾ।
CBSE
ਮੰਤਰੀ ਨੇ ਇਹ ਸੰਕੇਤ ਵੀ ਦਿੱਤਾ ਕਿ ਸੀਬੀਐਸਈ ਪ੍ਰੀਖਿਆਵਾਂ ਆਨਲਾਈਨ ਵਿਧੀ ਰਾਹੀਂ ਕਰਵਾਉਣ ਦੀ ਯੋਜਨਾ ਵੀ ਉਲੀਕੀ ਜਾ ਰਹੀ ਹੈ ਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਸ ਲਈ ਵੀ ਤਿਆਰ ਰਹਿਣ ਲਈ ਆਖਿਆ। ਉਨ੍ਹਾਂ ਇਹ ਵੀ ਕਿਹਾ ਕਿ NEET 2021 ਤੇ JEE 2021 ਦੀਆਂ ਪ੍ਰੀਖਿਆਵਾਂ ਵੀ 2021 ਵਿਚ ਹੋਣਗੀਆਂ। ਉਨ੍ਹਾਂ ਸਪੱਸ਼ਟ ਕੀਤਾ ਕਿ NEET 2021 ਦੀ ਪ੍ਰੀਖਿਆ ਰੱਦ ਕਰਨ ਦੀ ਕੋਈ ਯੋਜਨਾ ਨਹੀਂ ਹੈ।
NEET
ਉਨ੍ਹਾਂ ਕਿਹਾ ਕਿ 2020 ਦੌਰਾਨ NEET ਨੂੰ ਤਿੰਨ ਵਾਰ ਮੁਲਤਵੀ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਆਪਣੇ ਪ੍ਰੀਖਿਆ ਕੇਂਦਰ ਬਦਲਣ ਦਾ ਮੌਕਾ ਦਿੱਤਾ ਗਿਆ। ‘ਅਸੀਂ ਇਹ ਪ੍ਰੀਖਿਆ ਰੱਦ ਕਰ ਸਕਦੇ ਸੀ ਪਰ ਇਸ ਨਾਲ ਵਿਦਿਆਰਥੀਆਂ ਅਤੇ ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ।’ ਮੰਤਰੀ ਨੇ ਕਿਹਾ ਕਿ NEET ਹਮੇਸ਼ਾ ‘ਨੈਸ਼ਨਲ ਟੈਸਟਿੰਗ ਏਜੰਸੀ’ ਵੱਲੋਂ ਆਫ਼ਲਾਈਨ ਲਈ ਜਾਂਦੀ ਰਹੀ ਹੈ ਪਰ ਇਸ ਵਾਰ ਕੋਰੋਨਾ ਵਾਇਰਸ ਕਰਕੇ ਇਹ ਪ੍ਰੀਖਿਆ ਹੁਣ ਆਨਲਾਈਨ ਵਿਧੀ ਰਾਹੀਂ ਲੈਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।