
ਸਰਕਾਰੀ ਜ਼ਮੀਨ 'ਤੇ ਗੈਰ-ਕਾਨੂੰਨੀ ਢੰਗ ਨਾਲ ਕੀਤੀ ਗਈ ਸੀ ਉਸਾਰੀ
ਪੁਲਵਾਮਾ : ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸਰਕਾਰੀ ਜ਼ਮੀਨ 'ਤੇ ਕਬਜ਼ਾ ਕਰ ਕੇ ਬਣਾਏ ਗਏ ਘਰ 'ਤੇ ਪ੍ਰਸ਼ਾਸਨ ਵਲੋਂ ਬੁਲਡੋਜ਼ਰ ਚਲਾਇਆ ਗਿਆ ਹੈ। ਜਾਣਕਾਰੀ ਅਨੁਸਾਰ ਇੱਕ ਅੱਤਵਾਦੀ ਵਲੋਂ ਇਹ ਘਰ ਗੈਰ-ਕਾਨੂੰਨੀ ਤਰੀਕੇ ਨਾਲ ਬਣਾਇਆ ਗਿਆ। ਪ੍ਰਸ਼ਾਸਨ ਨੇ ਬੁਲਡੋਜ਼ਰ ਚਲਾ ਕੇ ਇਸ ਘਰ ਨੂੰ ਢਹਿ ਢੇਰੀ ਕਰ ਦਿੱਤਾ ਹੈ।
ਘਰ ਦੇ ਮਾਲਕ ਦੀ ਪਛਾਣ ਅੱਤਵਾਦੀ ਆਸ਼ਿਕ ਨੇਂਗਰੂ ਵਜੋਂ ਹੋਈ ਹੈ। ਇੱਕ ਨਿਊਜ਼ ਏਜੰਸੀ ਮੁਤਾਬਕ ਪ੍ਰਸ਼ਾਸਨ ਨੇ ਪੁਲਵਾਮਾ ਜ਼ਿਲ੍ਹੇ ਦੇ ਰਾਜਪੋਰਾ ਦੀ ਨਿਊ ਕਲੋਨੀ ਵਿੱਚ ਇਹ ਕਾਰਵਾਈ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਜੈਸ਼-ਏ-ਮੁਹੰਮਦ ( JEM ) ਦੇ ਅੱਤਵਾਦੀ ਕਮਾਂਡਰ ਆਸ਼ਿਕ ਨੇਂਗਰੂ ਦੀ ਰਿਹਾਇਸ਼ ਨੂੰ ਅਧਿਕਾਰੀਆਂ ਨੇ ਢਾਹ ਦਿੱਤਾ।
ਅਧਿਕਾਰੀ ਨੇ ਦਾਅਵਾ ਕੀਤਾ ਕਿ ਰਾਜਪੋਰਾ ਦੀ ਨਿਊ ਕਲੋਨੀ ਵਿਖੇ ਦੋ ਮੰਜ਼ਿਲਾ ਮਕਾਨ ਸਰਕਾਰੀ ਜ਼ਮੀਨ 'ਤੇ ਬਣਿਆ ਸੀ। ਇਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲਿਸ ਦੀ ਹਾਜ਼ਰੀ ਵਿੱਚ ਢਾਹ ਦਿੱਤਾ ਗਿਆ। ਨੇਂਗਰੂ ਇੱਕ ਲੋੜੀਂਦਾ ਜੈਸ਼ ਕਮਾਂਡਰ ਹੈ ਅਤੇ 2019 ਦੇ ਪੁਲਵਾਮਾ ਹਮਲੇ ਦਾ ਦੋਸ਼ੀ ਹੈ ਜਿਸ ਵਿੱਚ ਸੀਆਰਪੀਐਫ ਦੇ 40 ਜਵਾਨ ਮਾਰੇ ਗਏ ਸਨ।