
ਗਗਨਯਾਨ ਲਈ ਸ਼ੁਰੂਆਤੀ ਟਰੇਨਿੰਗ ਭਾਰਤ ਵਿਚ ਹੀ ਹੋਵੇਗੀ ਪਰ ਅਡਵਾਂਸ ਸਿਖਲਾਈ ਦੇ ਲਈ ਪੁਲਾੜ ਯਾਤਰੀਆਂ ਨੂੰ ਰੂਸ ਜਾਣਾ ਪੈ ਸਕਦਾ ਹੈ।
ਬੈਂਗਲੁਰੂ : ਭਾਰਤੀ ਪੁਲਾੜ ਖੋਜ ਕੇਂਦਰ ਦੇ ਮੁਖੀ ਕੇ.ਸਿਵਨ ਨੇ ਕਿਹਾ ਕਿ ਗਗਨਯਾਨ ਮਿਸ਼ਨ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸਰੋ ਦੇ ਲਈ ਇਹ ਇਕ ਵੱਡਾ ਟਰਨਿੰਗ ਪੁਆਇੰਟ ਸਾਬਤ ਹੋ ਸਕਾ ਹੈ। ਦੱਸ ਦਈਏ ਕਿ ਮੋਦੀ ਕੈਬਿਨਟ ਨੇ ਬੀਤੇ ਦਿਨੀ 10 ਹਜ਼ਾਰ ਕਰੋੜ ਦੇ ਮਹੱਤਵਪੂਰਨ ਗਗਨਯਾਨ ਪ੍ਰੋਜੈਕਟ ਨੂੰ ਪ੍ਰਵਾਨਗੀ ਦਿਤੀ ਸੀ। ਜੇਕਰ ਇਹ ਮਿਸ਼ਨ ਕਾਮਯਾਬ ਹੁੰਦਾ ਹੈ ਤਾਂ ਪੁਲਾੜ 'ਤੇ ਮਨੁੱਖੀ ਮਿਸ਼ਨ ਭੇਜਣ ਵਾਲਾ ਭਾਰਤ ਦੁਨੀਆਂ ਦਾ ਚੌਥਾ ਦੇਸ਼ ਹੋਵੇਗਾ। ਇਸ ਪ੍ਰਜੈਕਟ ਵਿਚ ਮਦਦ ਦੇ ਲਈ ਭਾਰਤ ਨੇ ਪਹਿਲਾਂ ਹੀ ਰੂਸ ਅਤੇ ਫਰਾਂਸ ਦੇ ਨਾਲ ਕਰਾਰ ਕੀਤਾ ਹੈ।
ISRO's prestigious Gaganyaan mission
ਸਿਵਨ ਨੇ ਕਿਹਾ ਇਸਰੋ ਵੱਲੋਂ ਗਗਨਯਾਨ ਨੂੰ ਪਹਿਲ ਦੇ ਆਧਾਰ 'ਤੇ ਰੱਖਿਆ ਗਿਆ ਹੈ। ਮਨੁੱਖੀ ਰਹਿਤ ਮਿਸ਼ਨ ਦੇ ਲਈ ਪਹਿਲੀ ਮਿਆਦ ਦਸੰਬਰ 2020 ਅਤੇ ਦੂਜੀ ਮਿਆਦ ਜੁਲਾਈ 2021ਨਿਰਧਾਰਤ ਕੀਤੀ ਗਈ ਹੈ । ਜਦਕਿ ਪਹਿਲੇ ਮਨੁੱਖੀ ਮਿਸ਼ਨ ਦੇ ਲਈ ਦੰਸਬਰ 2021 ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਜੀਸੈਟ-20 ਅਤੇ ਜੀਸੈਟ-29 ਸੈਟੇਲਾਈਟ ਨੂੰ ਵੀ ਇਸੇ ਸਾਲ ਲਾਂਚ ਕੀਤਾ ਜਾਵੇਗਾ। ਇਸ ਨਾਲ ਡਿਜ਼ੀਟਲ ਇੰਡੀਆ ਦੇ ਸੁਪਨੇ ਨੂੰ ਪੂਰਾ ਕਰਨ ਵਿਚ ਮਦਦ ਮਿਲੇਗੀ। ਸਿਵਨ ਨੇ ਦੱਸਿਆ ਕਿ 6 ਖੋਜ ਕੇਂਦਰ ਸਥਾਪਿਤ ਕੀਤੇ ਜਾਣਗੇ। ਭਾਰਤੀ ਵਿਦਿਆਰਥੀਆਂ ਨੂੰ ਅਜੇ ਨਾਸਾ ਜਾਣਾ ਪੈਂਦਾ ਹੈ,
NASA
ਇਸ ਪ੍ਰੋਗਰਾਮ ਤੋਂ ਬਾਅਦ ਉਹ ਇਥੇ ਹੀ ਸਾਰੀਆਂ ਚੀਜ਼ਾਂ ਨੂੰ ਸਮਝ ਸਕਣਗੇ। ਗਗਨਯਾਨ ਲਈ ਸ਼ੁਰੂਆਤੀ ਟਰੇਨਿੰਗ ਭਾਰਤ ਵਿਚ ਹੀ ਹੋਵੇਗੀ ਪਰ ਅਡਵਾਂਸ ਸਿਖਲਾਈ ਦੇ ਲਈ ਪੁਲਾੜ ਯਾਤਰੀਆਂ ਨੂੰ ਰੂਸ ਜਾਣਾ ਪੈ ਸਕਦਾ ਹੈ। ਗਗਨਯਾਨ ਵਿਚ ਜਾਣ ਵਾਲੇ ਪੁਲਾੜ ਯਾਤਰੀਆਂ ਦੀ ਚੋਣ 'ਤੇ ਇਸਰੋ ਮੁਖੀ ਨੇ ਕਿਹਾ ਕਿ ਸਾਰੇ ਕਰੂ ਮੈਂਬਰ ਭਾਰਤ ਦੇ ਹੋਣਗੇ। ਇਸ ਵਿਚ ਭਾਰਤੀ ਹਵਾਈ ਸੈਨਾ ਦੇ ਜਵਾਨ ਹੋਣਗੇ, ਨਾਗਰਿਕ ਵੀ ਹੋ ਸਕਦੇ ਹਨ। ਜੋ ਵੀ ਚੁਣੇ ਜਾਣ ਲਈ ਲੋੜੀਂਦੀ ਪਰਖ 'ਤੇ ਖਰਾ ਉਤਰਨਗੇ, ਉਹੀ ਜਾਣਗੇ। ਔਰਤਾਂ ਲਈ ਵੀ ਮੌਕਾ ਹੈ। ਉਹਨਾਂ ਕਿਹਾ ਕਿ ਚੋਣ ਸਬੰਧੀ ਆਖਰੀ ਫ਼ੈਸਲਾ ਚੋਣ ਕਮੇਟੀ ਕਰੇਗੀ।