
ਕਿਸਾਨ ਅੰਦੋਲਨ ਪੰਜਾਬ ਤੋਂ ਸ਼ੁਰੂ ਹੋਇਆ ਹੁਣ ਇੰਨਾ ਵੱਡਾ ਰੂਪ ਧਾਰਨ ਕਰ ਚੁੱਕਾ ਹੈ...
ਨਵੀਂ ਦਿੱਲੀ: ਕਿਸਾਨ ਅੰਦੋਲਨ ਪੰਜਾਬ ਤੋਂ ਸ਼ੁਰੂ ਹੋਇਆ ਹੁਣ ਇੰਨਾ ਵੱਡਾ ਰੂਪ ਧਾਰਨ ਕਰ ਚੁੱਕਾ ਹੈ ਕਿ ਦੇਸ਼ਾਂ ਵਿਦੇਸ਼ਾਂ ਵਿਚ ਵੀ ਇਸ ਅੰਦੋਲਨ ਦੀ ਚਰਚਾ ਛਿੜੀ ਹੋਈ ਹੈ। ਦਿੱਲੀ ਦੀਆਂ ਸਰਹੱਦਾਂ ਤੇ ਸਰਦ-ਰਾਤਾਂ ਵਿਚ ਹੱਕਾਂ ਦੀ ਲੜਾਈ ਲੜ ਰਹੇ ਕਿਸਾਨਾਂ ਦੇ ਸਬਰ ਦਾ ਪਿਆਲਾ ਹੁਣ ਛਲਕਣ ਲੱਗਾ ਹੈ। ਧਰਨਾ ਸਥਾਨਾਂ ਤੋਂ ਰੋਜ਼ਾਨਾ ਦੋ-ਦਿਨ ਲਾਸ਼ਾਂ ਵਾਪਸ ਪਰਤਣ ਦੇ ਵਰਤਾਰੇ ਬਾਅਦ ਕਿਸਾਨਾਂ ਵਿਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ।
Kissan Morcha
ਦੂਜੇ ਪਾਸੇ ਭਾਜਪਾ ਆਗੂਆਂ ਦੇ ਬਿਆਨ ਬਲਦੀ ਤੇ ਤੇਲ ਦਾ ਕੰਮ ਕਰ ਰਹੇ ਹਨ। ਬੀਤੇ ਦਿਨ ਹਰਿਆਣਾ ਦੇ ਜ਼ਿਲ੍ਹਾ ਕਰਨਾਲ ਅਤੇ ਪੰਜਾਬ ਦੇ ਜਲੰਧਰ ਵਿਖੇ ਵਾਪਰੀਆਂ ਘਟਨਾਵਾਂ ਇਸੇ ਵੱਲ ਇਸ਼ਾਰਾ ਕਰਦੀਆਂ ਹਨ। ਹਰਿਆਣਾ ਦੇ ਮੁੱਖ ਮੰਤਰੀ ਵਲੋਂ ‘ਮਹਾਂ ਕਿਸਾਨ ਪੰਚਾਇਤ’ ਸਮਾਗਮ ਹਲ ਹਾਲ ਕਰਨ ਸਬੰਧੀ ਦਿੱਤੇ ਬਿਆਨ ਅਤੇ ਪੰਜਾਬ ਅੰਦਰ ਭਾਜਪਾ ਆਗੂਆਂ ਵਲੋਂ ਕਿਸਾਨਾਂ ਦੀ ਚਿਤਾਵਨੀ ਦੇ ਬਾਵਜੂਦ ਮੀਟਿੰਗ ਕਰਨ ਦੀ ਜਿੱਦ ਨੇ ਕਿਸਾਨਾਂ ਦੇ ਗੁੱਸੇ ਨੂੰ ਭੜਕਾਉਣ ਦਾ ਕੰਮ ਕੀਤਾ ਹੈ।
Kissan
ਹੁਣ ਜਦੋਂ ਦੋਵਾਂ ਥਾਵਾਂ ਤੇ ਕਿਸਾਨ ਕੰਟਰੋਲ ਤੋਂ ਬਾਹਰ ਹੋ ਗਏ ਹਨ ਤਾਂ ਭਾਜਪਾ ਆਗੂ ਖੁਦ ਮੌਕੇ ਦੀ ਨਜ਼ਾਕਤ ਨੂੰ ਸਮਝਣ ਦੀ ਥਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਵਿਰੋਧੀ ਧਿਰਾਂ ਤੇ ਕਿਸਾਨਾਂ ਨੂੰ ਭੜਕਾਉਣ ਦਾ ਦੋਸ਼ ਲਾ ਰਹੇ ਹਨ। ਇਸ ਦੌਰਾਨ ਹੁਣ 26 ਜਨਵਰੀ ਮੌਕੇ ਹਰਿਆਣਾ ਦੇ ਜੀਂਦ ਅਤੇ 8 ਜ਼ਿਲ੍ਹਿਆਂ ਦੇ ਹੈਡਕੁਆਟਰਾਂ ਵਿਚ ਮੰਤਰੀਆਂ ਵੱਲੋਂ ਝੰਡੇ ਨਹੀ ਲਹਿਰਾਏ ਜਾਣਗੇ ਪਰ ਝੰਡੇ ਲਹਿਰਾਉਣ ਦਾ ਕੰਮ ਹੁਣ ਸੰਬੰਧਤ ਡੀਸੀ ਵੱਲੋਂ ਕੀਤਾ ਜਾਵੇਗਾ।
Flag
ਕਿਸਾਨਾਂ ਦੇ ਸਬਰ ਦਾ ਪਿਆਲਾ ਹੁਣ ਦਿਨੋਂ-ਦਿਨ ਛਲਕਣਾ ਸ਼ੁਰੂ ਹੋ ਗਿਆ ਜਿਸ ਨੂੰ ਹੁਣ ਕੋਈ ਵੀ ਤਾਕਤ ਰੋਕਣ ‘ਚ ਨਾਕਾਮ ਸਾਬਤ ਹੋਵੇਗੀ। ਇਸ ਨੂੰ ਸਰਕਾਰ ਦਾ ਕਿਸਾਨ ਪ੍ਰਤੀ ਡਰ ਕਹੀਏ ਜਾਂ ਕਿਸੇ ਹੋਰ ਕਾਰਨ ਹਰਿਆਣਾ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਜੀਂਦ ਸਮੇਤ ਅੱਠ ਜ਼ਿਲ੍ਹਿਆਂ ਵਿਚ ਮੰਤਰੀਆਂ ਵੱਲੋਂ ਨਹੀਂ ਸਗੋਂ ਸੰਬੰਧਤ ਡੀਸੀ ਝੰਡਾ ਲਹਿਰਾਉਣਗੇ।