
ਸੱਚ ਤਾਂ ਇਹ ਹੈ ਕਿ ਅੱਧੇ ਤੋਂ ਜ਼ਿਆਦਾ ਪੰਡਾਲ ਭਰਿਆ ਹੋਇਆ ਸੀ ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਉਨ੍ਹਾਂ ਕੋਲ ਹਨ-ਅਨਿਲ ਸਰੀਨ
ਚੰਡੀਗੜ੍ਹ : ਕੇਂਦਰੀ ਮੰਤਰੀ ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਪੰਜਾਬ ਸਿਆਸਤਦਾਨਾਂ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਦਰਅਸਲ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਸ਼ੇਖਾਵਤ ਨੇ ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਇਹ ਬਿਆਨ ਦਿਤਾ ਹੈ।
ਸ਼ੇਖਾਵਤ ਨੇ ਕਿਹਾ, ''ਫ਼ਿਰੋਜ਼ਪੁਰ 'ਚ ਹੋਣ ਵਾਲੀ PM ਮੋਦੀ ਦੀ ਰੈਲੀ ਵਿਚ ਪੰਜਾਬ ਦੀ ਹੁਣ ਤੱਕ ਦੀ ਕਿਸੇ ਵੀ ਸਿਆਸੀ ਰੈਲੀ ਤੋਂ ਵੱਧ ਇਕੱਠ ਹੋਣਾ ਸੀ ਪਰ ਸਿਆਸਤਦਾਨਾਂ ਦੀ ਪੁਲਿਸ ਨਾਲ ਮਿਲੀਭੁਗਤ ਕਾਰਨ ਨਾ ਸਿਰਫ਼ ਜਨਤਾ ਨੂੰ ਸਗੋਂ ਪ੍ਰਧਾਨ ਮੰਤਰੀ ਨੂੰ ਵੀ ਰੈਲੀ ਵਿਚ ਸ਼ਾਮਲ ਹੋਣ ਤੋਂ ਰੋਕਿਆ ਗਿਆ। ਇਸ ਨਾਲ ਭਾਜਪਾ ਵਰਕਰਾਂ ਦਾ ਇਰਾਦਾ ਮਜ਼ਬੂਤ ਹੋਇਆ ਹੈ।''
photo
ਜ਼ਿਕਰਯੋਗ ਹੈ ਕਿ ਅੱਜ ਦਿੱਲੀ ਵਿਖੇ ਕਾਂਗਰਸ ਅਤੇ ਅਕਾਲੀ ਦਲ ਦੇ ਕਈ ਵੱਡੇ ਚਿਹਰੇ ਭਾਜਪਾ ਵਿਚ ਸ਼ਾਮਲ ਹੋਏ ਹਨ ਅਤੇ ਇਸ ਮੌਕੇ ਪ੍ਰੈਸ ਕਾਨਫ਼ਰੰਸ ਦੌਰਾਨ ਉਨ੍ਹਾਂ ਨੇ ਇਹ ਬਿਆਨ ਦਿਤਾ ਹੈ।
ਇਸ ਬਾਰੇ ਪੰਜਾਬ ਭਾਜਪਾ ਦੇ ਮੁੱਖ ਬੁਲਾਰੇ ਅਨਿਲ ਸਰੀਨ ਨਾਲ ਗਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਗਜੇਂਦਰ ਸਿੰਘ ਸ਼ੇਖਾਵਤ ਨੇ ਬਿਲਕੁਲ ਸਹੀ ਕਿਹਾ ਹੈ ਕਿਉਂਕਿ ਰੋਕਣ ਵਾਲੇ ਸਿਰਫ਼ 15-20 ਹੋਣ ਅਤੇ ਪੁਲਿਸ ਵਾਲੇ 40 ਹੋਣ ਫਿਰ ਵੀ ਪ੍ਰਧਾਨ ਮੰਤਰੀ ਦਾ ਰਸਤਾ ਰੋਕਿਆ ਜਾਵੇ ਤਾਂ ਇਹ ਮਿਲੀਭੁਗਤ ਨਹੀਂ ਤਾਂ ਹੋਰ ਕੀ ਹੈ? ਉਨ੍ਹਾਂ ਕਿਹਾ ਕਿ SIT ਇਸ ਮਾਮਲੇ ਵਿਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦੇਵੇਗੀ।
photo
ਜਿੰਨੇ ਵੀ ਅਫ਼ਸਰ ਇਸ ਵਿਚ ਸ਼ਾਮਲ ਸਨ ਉਹ ਮੁਅੱਤਲ ਹੋਣਗੇ ਜੋ ਕਿ ਹੋਣੇ ਚਾਹੀਦੇ ਵੀ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਕਿਸੇ ਸੂਬੇ ਵਿਚ ਆਉਂਦੇ ਹਨ ਤਾਂ ਲੋਕਾਂ ਵਲੋਂ ਉਨ੍ਹਾਂ ਦਾ ਰਸਤਾ ਰੋਕਿਆ ਜਾਵੇਗਾ ਤਾਂ ਕੀ ਪੁਲਿਸ ਮੂਕਦਰਸ਼ਕ ਬਣ ਕੇ ਖੜ੍ਹੀ ਰਹੇਗੀ? ਅਨਿਲ ਸਰੀਨ ਨੇ ਦੱਸਿਆ ਕਿ ਜਦੋਂ ਪ੍ਰਧਾਨ ਮੰਤਰੀ ਬਠਿੰਡਾ ਤੋਂ ਚੱਲੇ ਸਨ ਤਾਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਲੋਂ ਰੂਟ ਕਲੀਰੈਂਸ ਦਾ ਸਰਟੀਫਿਕੇਟ ਦਿਤਾ ਗਿਆ ਸੀ। ਜੇਕਰ ਰਸਤਾ ਸਾਫ਼ ਸੀ ਅਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ ਤਾਂ ਇਸ ਤਰ੍ਹਾਂ ਰਸਤਾ ਕਿਉਂ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਇਹ ਦੇਸ਼ ਦੀ ਸੁਰੱਖਿਆ ਅਤੇ ਪ੍ਰਧਾਨ ਮੰਤਰੀ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਗਿਆ ਹੈ।
photo
ਮੁੱਖ ਮੰਤਰੀ ਚੰਨੀ ਦੇ ਬਿਆਨ 'ਤੇ ਜਵਾਬ ਦਿੰਦਿਆਂ ਸਰੀਨ ਨੇ ਕਿਹਾ ਕਿ ਜੇਕਰ ਤੁਸੀਂ ਖ਼ੁਦ ਮੰਨਦੇ ਹੋ ਕਿ ਫ਼ਿਰੋਜ਼ਪੁਰ ਦੇ ਪੰਜ ਕਿਲੋਮੀਟਰ ਦੇ ਦਾਇਰੇ 'ਚ ਹਜ਼ਾਰਾਂ ਦੀ ਤਾਦਾਦ ਵਿਚ ਬੱਸਾਂ ਰੋਕੀਆਂ ਗਈਆਂ ਸਨ ਤਾਂ ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਇਕੱਠ ਘੱਟ ਸੀ।
ਸਰੀਨ ਨੇ ਕਿਹਾ ਕਿ ਸੱਚ ਤਾਂ ਇਹ ਹੈ ਕਿ ਅੱਧੇ ਤੋਂ ਜ਼ਿਆਦਾ ਪੰਡਾਲ ਭਰਿਆ ਹੋਇਆ ਸੀ ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਉਨ੍ਹਾਂ ਕੋਲ ਹਨ। ਉਨ੍ਹਾਂ ਕਿਹਾ ਕਿ ਇਹ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੀ ਨਾਕਾਮੀ ਹੈ ਕਿ ਉਹ ਪ੍ਰਧਾਨ ਮੰਤਰੀ ਨੂੰ ਸੁਰੱਖਿਅਤ ਰਸਤਾ ਨਹੀਂ ਦੇ ਸਕੇ ਅਤੇ ਪ੍ਰਧਾਨ ਮੰਤਰੀ ਵਲੋਂ ਦਿਤੇ ਬਿਆਨ ਨੂੰ ਪੂਰੇ ਪੰਜਾਬ ਨਾਲ ਜੋੜ ਕੇ ਆਪਣੀ ਨਾਕਾਮੀ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।