
12 ਯੂਨਿਟਾਂ ਵਿੱਚ ਕੀਤੀਆਂ ਜਾਣਗੀਆਂ ਸ਼ਾਮਲ
ਚੰਡੀਗੜ੍ਹ - ਭਾਰਤੀ ਥਲ ਸੈਨਾ ਮਹਿੰਦਰਾ ਐਂਡ ਮਹਿੰਦਰਾ ਤੋਂ 1,470 ਸਕਾਰਪੀਓ ਐੱਸ.ਯੂ.ਵੀ. ਖਰੀਦ ਰਹੀ ਹੈ, ਜਿਨ੍ਹਾਂ ਨੂੰ 12 ਵੱਖ-ਵੱਖ ਯੂਨਿਟਾਂ ਵਿੱਚ ਭੇਜਿਆ ਜਾਵੇਗਾ। ਇਹ ਗੱਡੀਆਂ ਹਵਾਈ ਸੈਨਾ ਦੇ ਨਾਲ-ਨਾਲ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਸੂਬੇ ਦੇ ਪੁਲਿਸ ਬਲਾਂ ਵੱਲੋਂ ਪਹਿਲਾਂ ਤੋਂ ਹੀ ਵਰਤੀਆਂ ਜਾ ਰਹੀਆਂ ਹਨ।
ਸਕਾਰਪੀਓ ਗੱਡੀਆਂ ਦੀ ਵਰਤੋਂ ਤੋਂ ਹੋਰਨਾਂ ਤੋਂ ਇਲਾਵਾ ਸਟਾਫ਼ ਦੀ ਆਵਾਜਾਈ ਵਰਗੇ ਮੰਤਵਾਂ ਲਈ ਕੀਤੇ ਜਾਣ ਦੀ ਉਮੀਦ ਹੈ, ਜਿਨ੍ਹਾਂ ਕਾਰਜਾਂ ਲਈ ਵਰਤਮਾਨ ਸਮੇਂ ਮਾਰੂਤੀ-ਸੁਜ਼ੂਕੀ ਜਿਪਸੀ ਅਤੇ ਟਾਟਾ ਸਫ਼ਾਰੀ ਗੱਡੀਆਂ ਵਰਤੀਆਂ ਜਾਂਦੀਆਂ ਹਨ। ਫ਼ੌਜ ਦੀਆਂ ਖ਼ਾਸ ਲੋੜਾਂ ਵਾਸਤੇ ਸਕਾਰਪੀਓ ਗੱਡੀਆਂ ਵਿੱਚ ਸੋਧ ਵੀ ਕੀਤੀ ਜਾ ਸਕਦੀ ਹੈ, ਅਤੇ ਇਨ੍ਹਾਂ ਦੇ ਸਾਜ਼ੋ-ਸਮਾਨ 'ਚ ਲੋੜ ਮੁਤਾਬਕ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ।
ਕੁਝ ਰਿਪੋਰਟਾਂ ਅਨੁਸਾਰ, 2021 ਵਿੱਚ ਸਕਾਰਪੀਓ ਫ਼ੌਜ ਵੱਲੋਂ ਸੜਕੀ ਟੈਸਟਾਂ ਦੌਰਾਨ ਪਰਖੀ ਜਾ ਚੁੱਕੀ ਹੈ, ਜਿਸ ਵਿੱਚ ਬੁਲੇਟ ਪਰੂਫ਼ ਖਿੜਕੀਆਂ ਅਤੇ ਛੋਟੇ ਹਥਿਆਰਾਂ ਲਈ ਫ਼ਾਇਰਿੰਗ ਪੋਰਟ ਸਨ। ਮਹਿੰਦਰਾ ਨੇ ਕੁਝ ਸਾਲ ਪਹਿਲਾਂ ਸਕਾਰਪੀਓ ਦਾ ਇੱਕ ਖ਼ਾਸ ਆਰਮੀ ਵੇਰੀਐਂਟ ਵੀ ਪੇਸ਼ ਕੀਤਾ ਸੀ, ਜਿਸ ਨੂੰ ਰੱਖਿਆ ਪ੍ਰਦਰਸ਼ਨੀਆਂ ਵਿੱਚ ਪੇਸ਼ ਕੀਤਾ ਗਿਆ ਸੀ।
ਜਿੱਥੋਂ ਤੱਕ ਹਲਕੇ ਵਾਹਨਾਂ ਦਾ ਸਵਾਲ ਹੈ, ਫ਼ੌਜ ਵੱਲੋਂ ਟਾਟਾ ਜ਼ੈਨਨ, ਸੂਮੋ, ਮਹਿੰਦਰਾ 550 ਜੀਪ, ਫ਼ੋਰਸ ਗੁਰਖਾ, ਮਾਰੂਤੀ ਸਿਆਜ਼ ਅਤੇ ਸਵਿਫ਼ਟ ਡਿਜ਼ਾਇਰ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸੰਵੇਦਨਸ਼ੀਲ ਇਲਾਕਿਆਂ ਲਈ ਫ਼ੌਜ ਕੋਲ ਕੁਝ ਵਿਸ਼ੇਸ਼ ਹਥਿਆਰਬੰਦ ਵਾਹਨ ਵੀ ਹਨ।