
ਪੁਲਿਸ ਨੂੰ ਸ਼ੁਰੂਆਤੀ ਜਾਂਚ ਵਿਚ ਮਾਮਲਾ ਕਤਲ ਤੋਂ ਬਾਅਦ ਖੁਦਕੁਸ਼ੀ ਦਾ ਲੱਗਦਾ
ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਦੇ ਇਕ ਹੋਟਲ 'ਚੋਂ 21 ਸਾਲਾ ਲੜਕੇ ਅਤੇ 21 ਸਾਲਾ ਲੜਕੀ ਦੀਆਂ ਲਾਸ਼ਾਂ ਮਿਲੀਆਂ ਹਨ। ਲੜਕੀ ਦੀ ਗਰਦਨ 'ਤੇ ਕੱਟ ਦਾ ਨਿਸ਼ਾਨ, ਜਦਕਿ ਲੜਕੇ ਦੇ ਮੂੰਹ 'ਚੋਂ ਝੱਗ ਨਿਕਲ ਰਹੀ ਸੀ। ਇਹ ਹੋਟਲ ਬਵਾਨਾ ਖੇਤਰ ਵਿੱਚ ਸਥਿਤ ਹੈ। ਦਿੱਲੀ ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਕਮਰੇ ਨੂੰ ਸੀਲ ਕਰ ਦਿੱਤਾ ਹੈ ਅਤੇ ਦੋਵੇਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
ਸ਼ੁਰੂਆਤੀ ਜਾਂਚ ਦੇ ਆਧਾਰ 'ਤੇ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਇਹ ਕਤਲ ਤੋਂ ਬਾਅਦ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ। ਉੱਤਰੀ ਬਾਹਰੀ ਦਿੱਲੀ ਦੇ ਡੀਸੀਪੀ ਦੇਵੇਸ਼ ਮਾਹਲਾ ਦੇ ਅਨੁਸਾਰ, 10 ਜਨਵਰੀ ਮੰਗਲਵਾਰ ਦੀ ਰਾਤ ਨੂੰ ਇੱਕ ਹੋਟਲ ਮਾਲਕ ਨੇ ਪੁਲਿਸ ਨਾਲ ਸੰਪਰਕ ਕੀਤਾ ਅਤੇ ਦੱਸਿਆ ਕਿ ਉਸਦੇ ਹੋਟਲ ਦੇ ਇੱਕ ਕਮਰੇ ਵਿੱਚ ਦੋ ਲਾਸ਼ਾਂ ਪਈਆਂ ਹਨ।
ਹੋਟਲ ਮਾਲਕ ਨੇ ਦੱਸਿਆ ਕਿ ਦੋਵਾਂ ਦੀ ਉਮਰ 21 ਸਾਲ ਹੈ ਅਤੇ ਦੋਵਾਂ ਨੇ ਸਵੇਰੇ 10 ਵਜੇ ਹੋਟਲ 'ਚ ਚੈੱਕ ਇਨ ਕੀਤਾ ਸੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਦੇਖਿਆ ਕਿ ਲੜਕੀ ਦੇ ਗਲੇ 'ਤੇ ਸੱਟ ਦੇ ਨਿਸ਼ਾਨ ਸਨ, ਜਦਕਿ ਲੜਕੇ ਦੇ ਮੂੰਹ 'ਚੋਂ ਝੱਗ ਨਿਕਲ ਰਹੀ ਸੀ, ਜੋ ਸੁੱਕ ਚੁੱਕੀ ਸੀ। ਇਸ ਤੋਂ ਇਲਾਵਾ ਪੁਲਿਸ ਨੂੰ ਕਮਰੇ ਅਤੇ ਬਾਥਰੂਮ ਵਿੱਚ ਵੀ ਉਲਟੀਆਂ ਹੋਣ ਦੇ ਸਬੂਤ ਮਿਲੇ ਹਨ।
ਪੁਲਿਸ ਨੇ ਕਮਰੇ 'ਚੋਂ ਸਲਫਾ ਪਾਊਡਰ ਅਤੇ ਖੂਨ ਨਾਲ ਲੱਥਪੱਥ ਚਾਕੂ ਵੀ ਬਰਾਮਦ ਕੀਤਾ ਹੈ। ਇਸ ਤੋਂ ਬਾਅਦ ਐਫਐਸਐਲ ਟੀਮ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ। ਦਿੱਲੀ ਪੁਲਿਸ ਮੁਤਾਬਕ ਸ਼ੁਰੂਆਤੀ ਜਾਂਚ 'ਚ ਪੁਲਿਸ ਨੂੰ ਲੱਗਦਾ ਹੈ ਕਿ ਲੜਕੇ ਨੇ ਲੜਕੀ ਦਾ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ ਕੀਤੀ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਸੀਸੀਟੀਵੀ ਵਿੱਚ ਕਿਸੇ ਨੂੰ ਵੀ ਕਮਰੇ ਅੰਦਰ ਆਉਂਦਾ ਜਾਂ ਜਾਂਦਾ ਨਹੀਂ ਦੇਖਿਆ ਗਿਆ ਹੈ।