
Minor girl raped in Kerala: ਕੋਚ ਸਮੇਤ 60 ਤੋਂ ਵੱਧ ਲੋਕਾਂ ’ਤੇ ਲੱਗੇ ਦੋਸ਼
Minor girl raped in Kerala: ਕੇਰਲ ਦੇ ਪਥਾਨਾਮਥਿੱਟਾ ’ਚ 2 ਸਾਲਾਂ ਦੌਰਾਨ ਇਕ ਲੜਕੀ ਨਾਲ ਕਈ ਵਾਰ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਸਬੰਧੀ 4 ਐਫ਼ਆਈਆਰ ਦਰਜ ਕੀਤੀਆਂ ਹਨ ਅਤੇ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿਚ 60 ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਦਾ ਸ਼ੱਕ ਹੈ। ਪੁਲਿਸ ਦੇ ਹਵਾਲੇ ਨਾਲ ਦਸਿਆ ਗਿਆ ਕਿ ਪੀੜਤਾ ਦੋ ਮਹੀਨੇ ਪਹਿਲਾਂ ਹੀ 18 ਸਾਲ ਦੀ ਹੋਈ ਹੈ।
ਦੋਸ਼ ਹੈ ਕਿ 16 ਸਾਲ ਦੀ ਉਮਰ ਤੋਂ ਉਸ ਨਾਲ ਕਈ ਵਾਰ ਜਬਰ ਜਨਾਹ ਕੀਤਾ ਗਿਆ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਬਾਲ ਭਲਾਈ ਕਮੇਟੀ ਵਲੋਂ ਕੌਂਸਲਿੰਗ ਕੀਤੀ ਜਾ ਰਹੀ ਸੀ। ਵਿਦਿਅਕ ਅਦਾਰੇ ’ਚ ਪੀੜਤਾ ਦੇ ਅਧਿਆਪਕਾਂ ਵਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਉਸ ਦੇ ਵਿਵਹਾਰ ਵਿਚ ਬਦਲਾਅ ਆ ਰਿਹਾ ਹੈ।
ਪਥਾਨਾਮਥਿੱਟਾ ਚਾਈਲਡ ਵੈਲਫ਼ੇਅਰ ਕਮੇਟੀ ਦੇ ਪ੍ਰਧਾਨ ਰਾਜੀਵ ਨੇ ਕਿਹਾ ਕਿ ਲੜਕੀ ਨੇ ਸਕੂਲ ਕਾਉਂਸਲਿੰਗ ਸੈਸ਼ਨ ਦੌਰਾਨ ਜਿਨਸੀ ਸ਼ੋਸ਼ਣ ਦਾ ਪ੍ਰਗਟਾਵਾ ਕੀਤਾ। ਇਸ ਤੋਂ ਬਾਅਦ ਬਾਲ ਭਲਾਈ ਕਮੇਟੀ ਦੀ ਤਰਫ਼ੋਂ ਪੁਲਿਸ ਕੋਲ ਮਾਮਲਾ ਦਰਜ ਕੀਤਾ ਗਿਆ ਸੀ। ਲੜਕੀ ਇਕ ਖਿਡਾਰੀ ਹੈ ਜਿਸਦੇ ਨਾਲ ਪਥਾਨਾਮਥਿੱਟਾ ’ਚ ਖੇਡ ਕੈਂਪ ਸਮੇਤ ਕਈ ਥਾਵਾਂ ’ਤੇ ਕੋਚਾਂ, ਸਹਿਪਾਠੀਆਂ ਅਤੇ ਸਥਾਨਕ ਨਿਵਾਸੀਆਂ ਦੁਆਰਾ ਦੁਰਵਿਵਹਾਰ ਕੀਤਾ ਗਿਆ ਸੀ।
ਰਿਪੋਰਟ ਵਿਚ ਪੁਲਿਸ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪੀੜਤਾ ਕੋਲ ਅਪਣਾ ਫ਼ੋਨ ਨਹੀਂ ਸੀ। ਉਸ ਨੇ ਅਪਣੇ ਪਿਤਾ ਦੇ ਮੋਬਾਈਲ ’ਚ ਕਰੀਬ 40 ਲੋਕਾਂ ਦੇ ਨੰਬਰ ਸੇਵ ਕਰ ਲਏ ਸਨ, ਜਿਨ੍ਹਾਂ ਨੇ ਉਸ ਨਾਲ ਦੁਰਵਿਵਹਾਰ ਕੀਤਾ ਸੀ। ਰਿਪੋਰਟ ਮੁਤਾਬਕ ਬਾਲ ਭਲਾਈ ਕਮੇਟੀ ਦੇ ਮੈਂਬਰ ਪੀੜਤਾ ਨੂੰ ਮਨੋਵਿਗਿਆਨੀ ਕੋਲ ਵੀ ਲੈ ਗਏ ਸਨ। ਇਸ ਦਾ ਮਕਸਦ ਇਹ ਪਤਾ ਲਗਾਉਣਾ ਸੀ ਕਿ ਉਸ ਦੇ ਦੋਸ਼ ਸਹੀ ਹਨ ਜਾਂ ਨਹੀਂ।