ਕਿਹਾ, ਉਨ੍ਹਾਂ ਨੂੰ ਹਰਾਉਣ ਦੀ ਲੋੜ ਹੈ
ਸੋਮਨਾਥ (ਗੁਜਰਾਤ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਆਜ਼ਾਦੀ ਤੋਂ ਬਾਅਦ ਸੋਮਨਾਥ ਮੰਦਰ ਦੇ ਪੁਨਰ ਨਿਰਮਾਣ ਦਾ ਵਿਰੋਧ ਕਰਨ ਵਾਲੀਆਂ ਤਾਕਤਾਂ ਅਜੇ ਵੀ ਸਾਡੇ ਵਿਚਕਾਰ ਸਰਗਰਮ ਹਨ ਅਤੇ ਉਨ੍ਹਾਂ ਨੂੰ ਹਰਾਉਣ ਲਈ ਭਾਰਤ ਨੂੰ ਚੌਕਸ, ਇਕਜੁੱਟ ਅਤੇ ਮਜ਼ਬੂਤ ਹੋਣ ਦੀ ਲੋੜ ਹੈ।
ਗੁਜਰਾਤ ਦੇ ਗਿਰ ਸੋਮਨਾਥ ਜ਼ਿਲ੍ਹੇ ’ਚ ਸਥਿਤ ਇਤਿਹਾਸਕ ਮੰਦਰ ਉਤੇ ਬੀਤੇ ਸਮੇਂ ’ਚ ਹੋਏ ਹਮਲਿਆਂ ਅਤੇ ਹਰ ਵਾਰ ਇਸ ਦਾ ਪੁਨਰ ਨਿਰਮਾਣ ਕਰਨ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਲੋਕਾਂ ਦਾ ਦਿਲ ਕਦੇ ਵੀ ਤਲਵਾਰ ਦੀ ਨੋਕ ਉਤੇ ਨਹੀਂ ਜਿੱਤਿਆ ਜਾ ਸਕਦਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੋਮਨਾਥ ਦਾ 1,000 ਸਾਲਾਂ ਦਾ ਇਤਿਹਾਸ ਵਿਨਾਸ਼ ਜਾਂ ਹਾਰ ਦਾ ਨਹੀਂ ਹੈ, ਬਲਕਿ ਜਿੱਤ ਅਤੇ ਪੁਨਰ ਨਿਰਮਾਣ ਦਾ ਹੈ।
ਉਹ ਭਾਰਤੀ ਸੱਭਿਅਤਾ ਦੇ ਲਚਕੀਲੇਪਣ ਨੂੰ ਦਰਸਾਉਣ ਲਈ ਇੱਥੇ ਕਰਵਾਏ ‘ਸੋਮਨਾਥ ਸਵਾਭਿਮਾਨ ਪਰਵ’ ਵਿਖੇ ਇਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਰਤੀ ਸੱਭਿਅਤਾ ਦਾ ਪ੍ਰਤੀਕ ਸੋਮਨਾਥ ਮੰਦਿਰ ਦਾ ਪੁਨਰ ਨਿਰਮਾਣ ਹੈ, ਜਿਸ ਨੂੰ ਸਾਲ 1026 ਵਿਚ ਗਜ਼ਨੀ ਦੇ ਮਹਿਮੂਦ ਵੱਲੋਂ ਹਮਲੇ ਤੋਂ ਬਾਅਦ ਵਿਦੇਸ਼ੀ ਹਮਲਾਵਰਾਂ ਵਲੋਂ ਵਾਰ-ਵਾਰ ਤਬਾਹ ਕੀਤਾ ਗਿਆ।
ਸਦੀਆਂ ਤੋਂ ਇਸ ਦੇ ਵਿਨਾਸ਼ ਦੀਆਂ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ, ਭਗਵਾਨ ਸ਼ਿਵ ਨੂੰ ਸਮਰਪਿਤ ਸੋਮਨਾਥ ਮੰਦਿਰ ਅੱਜ ਇਸ ਦੇ ਪ੍ਰਾਚੀਨ ਮਾਣ ਨੂੰ ਬਹਾਲ ਕਰਨ ਦੇ ਸਮੂਹਕ ਸੰਕਲਪ ਅਤੇ ਯਤਨਾਂ ਦੇ ਕਾਰਨ ਲਚਕੀਲੇਪਣ, ਵਿਸ਼ਵਾਸ ਅਤੇ ਕੌਮੀ ਗੌਰਵ ਦੇ ਸ਼ਕਤੀਸ਼ਾਲੀ ਪ੍ਰਤੀਕ ਵਜੋਂ ਖੜ੍ਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲਾਂਕਿ ਸੋਮਨਾਥ ਮੰਦਿਰ ਦੇ ਹਮਲੇ ਨਫ਼ਰਤ ਤੋਂ ਪ੍ਰੇਰਿਤ ਸਨ, ਪਰ ਇਸ ਨੂੰ ਸਾਧਾਰਨ ਲੁੱਟ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ, ‘‘ਕਿਤਾਬਾਂ ਧਾਰਮਕ ਪ੍ਰੇਰਣਾ ਨੂੰ ਲੁਕਾਉਣ ਲਈ ਲਿਖੀਆਂ ਗਈਆਂ ਸਨ, ਇਸ ਨੂੰ ਸਿਰਫ ਸਧਾਰਣ ਲੁੱਟ ਵਜੋਂ ਦਰਸਾਇਆ ਗਿਆ ਸੀ। ਸੋਮਨਾਥ ਮੰਦਿਰ ਨੂੰ ਵਾਰ-ਵਾਰ ਤਬਾਹ ਕੀਤਾ ਗਿਆ। ਜੇ ਹਮਲੇ ਸਿਰਫ ਲੁੱਟ ਲਈ ਹੁੰਦੇ, ਤਾਂ ਉਹ 1,000 ਸਾਲ ਪਹਿਲਾਂ ਪਹਿਲੀ ਵੱਡੀ ਲੁੱਟ ਤੋਂ ਬਾਅਦ ਰੁਕ ਜਾਂਦੇ। ਪਰ ਅਜਿਹਾ ਨਹੀਂ ਹੋਇਆ। ਸੋਮਨਾਥ ਦੇ ਪਵਿੱਤਰ ਦੇਵਤਾ ਦੀ ਬੇਅਦਬੀ ਕੀਤੀ ਗਈ। ਮੰਦਰ ਦੇ ਰੂਪ ਨੂੰ ਬਦਲਣ ਦੀਆਂ ਵਾਰ-ਵਾਰ ਕੋਸ਼ਿਸ਼ਾਂ ਕੀਤੀਆਂ ਗਈਆਂ। ਅਤੇ ਸਾਨੂੰ ਸਿਖਾਇਆ ਗਿਆ ਕਿ ਸੋਮਨਾਥ ਨੂੰ ਸਿਰਫ਼ ਲੁੱਟ ਲਈ ਬਰਬਾਦ ਕਰ ਦਿਤਾ ਗਿਆ ਸੀ। ਨਫ਼ਰਤ, ਅੱਤਿਆਚਾਰ ਅਤੇ ਦਹਿਸ਼ਤ ਦਾ ਅਸਲ ਇਤਿਹਾਸ ਸਾਡੇ ਤੋਂ ਲੁਕਾਇਆ ਗਿਆ ਸੀ।’’
ਉਨ੍ਹਾਂ ਕਿਹਾ ਕਿ ਅਪਣੇ ਧਰਮ ਨੂੰ ਸੱਚਮੁੱਚ ਸਮਰਪਿਤ ਕੋਈ ਵੀ ਵਿਅਕਤੀ ਅਜਿਹੀ ਕੱਟੜਪੰਥੀ ਵਿਚਾਰਧਾਰਾ ਦਾ ਸਮਰਥਨ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਹਾਲਾਂਕਿ ਤੁਸ਼ਟੀਕਰਣ ਵਿਚ ਸ਼ਾਮਲ ਲੋਕ ਅਜਿਹੇ ਧਾਰਮਕ ਕੱਟੜਪੰਥ ਅੱਗੇ ਗੋਡੇ ਟੇਕ ਜਾਂਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਜਦੋਂ ਸਰਦਾਰ ਵਲਭਭਾਈ ਪਟੇਲ ਨੇ ਸੋਮਨਾਥ ਮੰਦਰ ਦੇ ਪੁਨਰ ਨਿਰਮਾਣ ਦੀ ਸਹੁੰ ਚੁਕੀ ਸੀ ਤਾਂ ਉਨ੍ਹਾਂ ਦੇ ਰਾਹ ’ਚ ਰੁਕਾਵਟ ਪਈ ਸੀ ਅਤੇ ਇਤਰਾਜ਼ ਵੀ ਉਠਾਇਆ ਗਿਆ ਸੀ ਜਦੋਂ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ 1951 ’ਚ ਪੁਨਰ ਨਿਰਮਾਣ ਮੰਦਰ ਦੇ ਉਦਘਾਟਨ ਲਈ ਇੱਥੇ ਆਏ ਸਨ।
ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ, ਉਹ ਤਾਕਤਾਂ ਜਿਨ੍ਹਾਂ ਨੇ ਸੋਮਨਾਥ ਮੰਦਰ ਦੇ ਪੁਨਰ ਨਿਰਮਾਣ ਦਾ ਵਿਰੋਧ ਕੀਤਾ ਸੀ, ਉਹ ਅਜੇ ਵੀ ਸਾਡੇ ਦੇਸ਼ ਵਿਚ ਮੌਜੂਦ ਹਨ ਅਤੇ ਉਹ ਬਹੁਤ ਸਰਗਰਮ ਹਨ। ਤਲਵਾਰਾਂ ਦੀ ਬਜਾਏ ਹੋਰ ਤਰੀਕਿਆਂ ਨਾਲ ਭਾਰਤ ਵਿਰੁਧ ਸਾਜ਼ਸ਼ਾਂ ਰਚੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ, ‘‘ਇਸ ਲਈ ਸਾਨੂੰ ਚੌਕਸ ਅਤੇ ਇਕਜੁੱਟ ਰਹਿਣ ਦੀ ਲੋੜ ਹੈ। ਸਾਨੂੰ ਅਜਿਹੀਆਂ ਤਾਕਤਾਂ ਨੂੰ ਹਰਾਉਣ ਲਈ ਅਪਣੇ ਆਪ ਨੂੰ ਹੋਰ ਸ਼ਕਤੀਸ਼ਾਲੀ ਬਣਾਉਣਾ ਹੋਵੇਗਾ ਜੋ ਸਾਨੂੰ ਵੰਡਣ ਦੀ ਸਾਜ਼ਸ਼ ਰਚ ਰਹੀਆਂ ਹਨ।’’ ਮੋਦੀ ਨੇ ਕਿਹਾ ਕਿ ਸੋਮਨਾਥ ਮੰਦਰ ਉਤੇ ਕਈ ਵਾਰ ਹਮਲੇ ਹੋਏ ਸਨ, ਜਿਨ੍ਹਾਂ ’ਚ ਗਜ਼ਨੀ ਦੇ ਮਹਿਮੂਦ ਵੱਲੋਂ 1026 ’ਚ ਅਤੇ 17ਵੀਂ ਅਤੇ 18ਵੀਂ ਸਦੀ ’ਚ ਮੁਗਲ ਸ਼ਾਸਕ ਔਰੰਗਜ਼ੇਬ ਨੇ ਹਮਲੇ ਕੀਤੇ ਸਨ।
ਮਹਿਮੂਦ ਬੇਗੜਾ ਅਤੇ ਔਰੰਗਜ਼ੇਬ ਨੇ ਹਮਲੇ ਰਾਹੀਂ ਮੰਦਰ ਨੂੰ ਮਸਜਿਦ ਵਿਚ ਬਦਲਣ ਦੀ ਕੋਸ਼ਿਸ਼ ਵੀ ਕੀਤੀ। ਉਨ੍ਹਾਂ ਕਿਹਾ ਕਿ ਹਰ ਹਮਲੇ ਤੋਂ ਬਾਅਦ ਮਾਲਵਾ ਰਾਣੀ ਅਹਿਲਿਆਬਾਈ ਹੋਲਕਰ ਸਮੇਤ ਭਗਵਾਨ ਸ਼ਿਵ ਦੇ ਸ਼ਰਧਾਲੂਆਂ ਨੇ ਮੰਦਰ ਦਾ ਪੁਨਰ ਨਿਰਮਾਣ ਕੀਤਾ।
ਉਨ੍ਹਾਂ ਕਿਹਾ, ‘‘ਸਭਿਅਤਾਵਾਂ ਜੋ ਦੂਜਿਆਂ ਨੂੰ ਤਬਾਹ ਕਰ ਕੇ ਅੱਗੇ ਵਧਣਾ ਚਾਹੁੰਦੀਆਂ ਹਨ, ਆਖਰਕਾਰ ਖ਼ੁਦ ਨੂੰ ਤਬਾਹ ਕਰ ਦਿੰਦੀਆਂ ਹਨ। ਸੋਮਨਾਥ ਵਰਗੇ ਤੀਰਥ ਸਥਾਨਾਂ ਨੇ ਸਾਨੂੰ ਸਿਖਾਇਆ ਕਿ ਸਿਰਜਣਾ ਦਾ ਮਾਰਗ ਲੰਬਾ ਹੈ, ਪਰ ਇਹ ਸਥਾਈ ਮਾਰਗ ਵੀ ਹੈ।’’
ਪ੍ਰਧਾਨ ਮੰਤਰੀ ਨੇ ਕਿਹਾ, ‘‘ਸੋਮਨਾਥ ਦਾ ਇਤਿਹਾਸ ਸਾਡੇ ਪੁਰਖਿਆਂ ਦੀ ਬਹਾਦਰੀ ਬਾਰੇ ਹੈ। ਇਹ ਉਨ੍ਹਾਂ ਦੀ ਕੁਰਬਾਨੀ ਅਤੇ ਸਮਰਪਣ ਦਾ ਪ੍ਰਮਾਣ ਹੈ।’’ ਉਨ੍ਹਾਂ ਕਿਹਾ ਕਿ ਕੱਟੜਪੰਥੀ ਹਮਲਾਵਰ ਹੁਣ ਇਤਿਹਾਸ ਦੇ ਪੰਨਿਆਂ ਤਕ ਸੀਮਤ ਹੋ ਗਏ ਹਨ, ਪਰ ਸੋਮਨਾਥ ਮੰਦਰ ਦਾ ਝੰਡਾ ਅਜੇ ਵੀ ਉੱਚਾ ਲਹਿਰਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੇ ਸੋਚਿਆ ਸੀ ਕਿ ਉਹ ਮੰਦਰ ਨੂੰ ਢਾਹ ਕੇ ਜਿੱਤ ਗਏ ਹਨ, ਪਰ 1,000 ਸਾਲ ਬਾਅਦ ਵੀ ਸੋਮਨਾਥ ਦਾ ਝੰਡਾ ਉੱਚਾ ਹੋ ਰਿਹਾ ਹੈ। ਇਸ ਤੋਂ ਪਹਿਲਾਂ ਮੋਦੀ ਨੇ ਸੋਮਨਾਥ ਮੰਦਰ ਦੀ ਰੱਖਿਆ ਲਈ ਅਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ਦੇ ਸਨਮਾਨ ਲਈ ‘ਸ਼ੌਰਿਆ ਯਾਤਰਾ’ ਦੀ ਅਗਵਾਈ ਵੀ ਕੀਤੀ। ਯਾਤਰਾ ਵਿਚ 108 ਘੋੜਿਆਂ ਦਾ ਜਲੂਸ ਨਿਕਲਿਆ, ਜੋ ਬਹਾਦਰੀ ਅਤੇ ਕੁਰਬਾਨੀ ਨੂੰ ਦਰਸਾਉਂਦਾ ਹੈ।
