
ਕੋਈ ਵੀ ਸੰਕਟ ਆਉਣ ਤੋਂ ਬਾਅਦ ਜਦੋਂ ਵੀ ਅਸੀਂ ਰਾਹਤ ਕਾਰਜ ਜਾਂ ਬਚਾਅ ਕਾਰਜ ਬਾਰੇ ਸੋਚਦੇ ਹਾਂ ਤਾਂ ਸਾਡੇ ਦਿਮਾਗ ਵਿਚ ਸਭ ਤੋਂ ਪਹਿਲਾ ਨਾਂਅ ਖ਼ਾਲਸਾ ਏਡ ਦਾ ਆਉਂਦਾ ਹੈ।
ਚੰਡੀਗੜ੍ਹ: ਦੁਨੀਆਂ ਦਾ ਸਭ ਤੋਂ ਵੱਡਾ ਧਰਮ ਹੈ ਲੋੜਵੰਦਾਂ ਦੀ ਮਦਦ ਕਰਨਾ, ਇਸ ਦੇ ਲਈ ਅਮੀਰ ਜਾਂ ਗਰੀਬ ਹੋਣਾ ਮਾਇਨੇ ਨਹੀਂ ਰੱਖਦਾ। ਇਨਸਾਨੀਅਤ ਸਾਨੂੰ ਲੋੜਵੰਦਾਂ ਦੀ ਮਦਦ ਕਰਨਾ ਸਿਖਾਉਂਦੀ ਹੈ। ਦੁਨੀਆਂ ਭਰ ਵਿਚ ਕਈ ਅਜਿਹੀਆਂ ਸੰਸਥਾਵਾਂ ਹਨ ਜੋ ਬਿਨਾਂ ਕਿਸੇ ਲਾਭ ਤੋਂ ਲੋਕ ਭਲਾਈ ਦੇ ਕੰਮ ਕਰ ਰਹੀਆਂ ਹਨ। ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਕੋਈ ਵੀ ਸੰਕਟ ਆਉਣ ਤੋਂ ਬਾਅਦ ਜਦੋਂ ਵੀ ਅਸੀਂ ਰਾਹਤ ਕਾਰਜ ਜਾਂ ਬਚਾਅ ਕਾਰਜ ਬਾਰੇ ਸੋਚਦੇ ਹਾਂ ਤਾਂ ਸਾਡੇ ਦਿਮਾਗ ਵਿਚ ਸਭ ਤੋਂ ਪਹਿਲਾ ਨਾਂਅ ਖ਼ਾਲਸਾ ਏਡ ਦਾ ਆਉਂਦਾ ਹੈ।
Khalsa Aid
ਜੰਗ ਹੋਵੇ ਜਾਂ ਕੋਈ ਕੁਦਰਤੀ ਆਫ਼ਤ ਜਾਂ ਫਿਰ ਸਰਕਾਰ ਅਤੇ ਫੌਜ ਦੇ ਅੱਤਿਆਚਾਰ ਦੇ ਸ਼ਿਕਾਰ ਲੋਕ, ‘ਖ਼ਾਲਸਾ ਏਡ’ ਉਹਨਾਂ ਦੀ ਹਰ ਸੰਭਵ ਮਦਦ ਲਈ ਤਿਆਰ ਰਹਿੰਦੀ ਹੈ। ‘ਖ਼ਾਲਸਾ ਏਡ’ ਇਕ ਅਜਿਹੀ ਸਮਾਜ ਸੇਵੀ ਸੰਸਥਾ ਹੈ ਜੋ ਪਿਛਲੇ ਕਈ ਸਾਲਾਂ ਤੋਂ ਲੋੜਵੰਦਾਂ ਦੀ ਮਦਦ ਲਈ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਪਹੁੰਚ ਜਾਂਦੀ ਹੈ। ਚਾਹੇ ਨੇਪਾਲ ਵਿਚ ਭੂਚਾਲ ਸਮੇਂ ਲੋਕਾਂ ਦੀ ਮਦਦ ਕਰਨਾ ਹੋਵੇ ਜਾਂ ਫਿਰ ਸੀਰੀਆ ਦੇ ਮੁਸ਼ਕਿਲ ਹਲਾਤਾਂ ਵਿਚ ਬੇਘਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ, ‘ਖ਼ਾਲਸਾ ਏਡ’ ਦੇ ਮੈਂਬਰ ਬਿਨਾਂ ਅਪਣੀ ਜਾਨ ਦੀ ਪਰਵਾਹ ਕੀਤੇ ਹਰ ਥਾਂ ਪਹੁੰਚ ਜਾਂਦੇ ਹਨ।
Khalsa Aid
ਹਾਲ ਹੀ ਵਿਚ ਉਤਰਾਖੰਡ ’ਚ ਗਲੇਸ਼ੀਅਰ ਟੁੱਟਣ ਕਾਰਨ ਆਈ ਤਬਾਹੀ ਤੋਂ ਬਾਅਦ ਪੀੜਤਾਂ ਦੀ ਮਦਦ ਲਈ ਖਾਲਸਾ ਏਡ ਨੇ ਹੱਥ ਵਧਾਇਆ ਹੈ। ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਪਿੰਡ ਰਿਨੀ ਵਿਚ ਖਾਲਸਾ ਏਡ ਨੇ ਬੇਘਰੇ ਲੋਕਾਂ ਲਈ ਸ਼ੈਲਟਰ ਬਣਾ ਕੇ ਪੀੜਤਾ ਨੂੰ ਵੱਡੀ ਰਾਹਤ ਪਹੁੰਚਾਈ ਹੈ। ਦਿੱਲੀ ਦੀਆਂ ਬਰੂਹਾਂ ‘ਤੇ ਸੀਤ ਰਾਤਾਂ ਵਿਚ ਡਟੇ ਕਿਸਾਨਾਂ ਨੂੰ ਸਹੂਲਤਾਂ ਪਹੁੰਚਾਉਣ ਲਈ ਖ਼ਾਲਸਾ ਏਡ ਦੇ ਵਲੰਟੀਅਰ ਦਿੱਲੀ ਵਿਚ ਮੋਰਚਾ ਸੰਭਾਲੀ ਬੈਠੇ ਹਨ।
Uttarakhand tragedy
ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਸਹੂਲਤ ਲਈ ਲੰਗਰ ਤੋਂ ਇਲਾਵਾ ਗਰਮ ਕੱਪੜੇ, ਰਹਿਣ ਬਸੇਰੇ ਤੋਂ ਇਲਾਵਾ ਕੱਪੜੇ ਧੋਣ ਦੀਆਂ ਮਸ਼ੀਨਾਂ, ਪਾਣੀ ਗਰਮ ਕਰਨ ਦੀਆਂ ਮਸ਼ੀਨਾਂ ਵੀ ਲਗਾਈਆਂ ਗਈਆਂ ਹਨ। ਖ਼ਾਸ ਗੱਲ ਇਹ ਹੈ ਕਿ ਖਾਲਸਾ ਏਡ ਵੱਲ਼ੋਂ ਕਿਸਾਨੀ ਸੰਘਰਸ਼ ਵਿਚ ਸ਼ਾਮਲ ਬਜ਼ੁਰਗਾਂ ਲਈ ਵਿਸ਼ੇਸ਼ ਤੌਰ ‘ਤੇ ਮਸਾਜ ਦੀ ਸੇਵਾ ਦਿੱਤੀ ਜਾ ਰਹੀ ਹੈ। ਖ਼ਾਲਸਾ ਏਡ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਵਿਸ਼ਵ ਭਰ ਵਿਚ ਸ਼ਲਾਘਾ ਹੋ ਰਹੀ ਹੈ।
Khalsa Aid India serving protesting farmers
ਆਓ ਜਾਣਦੇ ਹਾਂ ਖ਼ਾਲਸਾ ਏਡ ਵੱਲ਼ੋਂ ਕੀਤੇ ਗਏ ਕੰਮਾਂ ਬਾਰੇ-
ਓਡੀਸ਼ਾ, ਤੁਰਕੀ, ਗੁਜਰਾਤ, ਪੰਜਾ ਸਾਹਿਬ
ਹੋਂਦ ਵਿਚ ਆਉਣ ਮਗਰੋਂ ਹੀ 'ਖ਼ਾਲਸਾ ਏਡ' ਨੇ ਸਾਲ 2000 ਵਿਚ ਓਡੀਸ਼ਾ ਦੇ ਤੂਫ਼ਾਨ ਅਤੇ ਫਿਰ 2001 ਵਿਚ ਤੁਰਕੀ ਅਤੇ ਗੁਜਰਾਤ ਦੇ ਭੂਚਾਲ ਪੀੜਤਾਂ ਦੀ ਬਿਨਾਂ ਕਿਸੇ ਭੇਦਭਾਵ ਡਟ ਕੇ ਮਦਦ ਕੀਤੀ ਸੀ। ਇਸ ਤੋਂ ਬਾਅਦ ਲਗਾਤਾਰ ਲੋਕ ਭਲਾਈ ਦੇ ਕਾਰਜਾਂ ਕਰਕੇ 'ਖ਼ਾਲਸਾ ਏਡ' ਦੇ ਕੰਮਾਂ ਦੀ ਵਿਸ਼ਵ ਭਰ ਵਿਚ ਸ਼ਲਾਘਾ ਹੋਣ ਲੱਗੀ, ਜਿਸ ਨਾਲ ਦੁਨੀਆਂ ਭਰ ਵਿਚ ਸਿੱਖਾਂ ਦਾ ਮਾਣ ਵਧਿਆ। ਸਾਲ 2009 ਵਿਚ ਵੀ ‘ਖਾਲਸਾ ਏਡ’ ਨੇ ਪਾਕਿਸਤਾਨ ਵਿਚ ਪੰਜਾ ਸਾਹਿਬ ਵਿਖੇ ਸਿੱਖ ਅਤੇ ਹਿੰਦੂ ਰਿਫਿਊਜੀਆਂ ਦੀ ਮਦਦ ਕੀਤੀ ਸੀ।
Khalsa Aid volunteers
ਮੁੰਬਈ ਹੜ੍ਹ ਅਤੇ ਨੇਪਾਲ ਭੂਚਾਲ
ਸਾਲ 2005 ਵਿਚ ਮੁੰਬਈ ਆਏ ਭਿਆਨਕ ਹੜ੍ਹ ਸਮੇਂ ਵੀ ‘ਖ਼ਾਲਸਾ ਏਡ’ ਲੋੜਵੰਦਾਂ ਦੀ ਮਦਦ ਲਈ ਸਭ ਤੋਂ ਅੱਗੇ ਖੜੀ ਸੀ। ਪੀੜਤਾਂ ਨੂੰ ਮੌਕੇ ‘ਤੇ ਭਰਪੇਟ ਖਾਣਾ ਮਿਲ ਸਕੇ, ਇਸ ਦੇ ਲਈ ਸੰਸਥਾ ਵੱਲੋਂ ਕਈ ਦਿਨਾਂ ਤੱਕ ਵਿਸ਼ਾਲ ਲੰਗਰ ਲਗਾਏ ਹੋਏ ਸਨ, ਜਿਸ ਵਿਚ ਹਰ ਦਿਨ 2 ਤੋਂ 3 ਹਜ਼ਾਰ ਲੋਕ ਖਾਣਾ ਖਾਂਦੇ ਸਨ। ਇਸੇ ਤਰ੍ਹਾਂ ਨੇਪਾਲ ਵਿਚ ਆਏ ਭੂਚਾਲ ਸਮੇਂ ਵੀ ‘ਖ਼ਾਲਸਾ ਏਡ’ ਨੇ ਨਾ ਸਿਰਫ਼ ਲੋਕਾਂ ਲਈ ਲੰਗਰ ਲਗਾਏ ਬਲਕਿ ਉਹਨਾਂ ਲਈ ਰਹਿਣ ਸਹਿਣ ਅਤੇ ਮੈਡੀਕਲ ਜ਼ਰੂਰਤਾਂ ਦਾ ਵੀ ਧਿਆਨ ਰੱਖਿਆ।
ਕੇਰਲਾ ਅਤੇ ਚੇਨਈ
'ਖ਼ਾਲਸਾ ਏਡ' ਸੰਸਥਾ ਦੇ ਮੈਂਬਰਾਂ ਵੱਲੋਂ ਕਾਫ਼ੀ ਸਮੇਂ ਲਈ ਹੜ੍ਹ ਪੀੜਤਾਂ ਦੀ ਮਦਦ ਲਈ ਕੇਰਲਾ ਵਿਚ ਡੇਰੇ ਲਗਾਏ ਗਏ ਸਨ। 'ਖ਼ਾਲਸਾ ਏਡ' ਵੱਲੋਂ ਕੋਚੀ ਸ਼ਹਿਰ ਦੇ ਇਕ ਸਕੂਲ ਵਿਚ ਲੰਗਰ ਚਲਾਇਆ ਜਾ ਰਿਹਾ ਹੈ। ਜਿੱਥੇ ਰੋਜ਼ਾਨਾ 30000 ਤੋਂ 40000 ਲੋੜਵੰਦਾਂ ਨੂੰ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਸਾਲ 2015 ਵਿਚ ਚੇਨਈ 'ਚ ਆਏ ਹੜ੍ਹ ਦੌਰਾਨ ਵੀ ਖ਼ਾਲਸਾ ਏਡ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਕੀਤੀ ਗਈ।
Khalsa Aid volunteers
ਰੋਹਿੰਗਿਆ ਮੁਸਲਮਾਨਾਂ ਦੀ ਮਦਦ
ਬਰਮਾ ਵਿਚੋਂ ਰੋਹਿੰਗਿਆ ਮੁਸਲਮਾਨਾਂ ਦੀ ਮਦਦ ਲਈ ਵੀ ਇੰਗਲੈਂਡ ਦੀ ਇਸ ਦਾਨਵੀਰ ਸੰਸਥਾ 'ਖ਼ਾਲਸਾ ਏਡ' ਨੇ ਬੰਗਲਾਦੇਸ਼ ਦੇ ਕਾਕਸ ਬਾਜ਼ਾਰ ਜ਼ਿਲ੍ਹੇ ਦੇ ਤੈਕਨਾਫ ਪਿੰਡ ਦੇ ਰਫਿਊਜੀ ਕੈਂਪ ਵਿਚ ਲੰਗਰ ਤੇ ਮੈਡੀਕਲ ਕੈਂਪ ਲਗਾਏ ਅਤੇ ਰੋਹਿੰਗਿਆ ਮੁਸਲਮਾਨਾਂ ਲਈ ਵੱਡੀ ਰਾਹਤ ਦਾ ਸਬਬ ਬਣੀ। ਇਹ ਅਜਿਹਾ ਮੌਕਾ ਸੀ ਜਦੋਂ ਬਰਮਾ ਦੀ ਫ਼ੌਜ ਨੇ ਅਤਿਵਾਦੀ ਹੋਣ ਦਾ ਇਲਜ਼ਾਮ ਲਗਾ ਕੇ ਸੈਂਕੜੇ ਰੋਹਿੰਗਿਆ ਦਾ ਕਤਲ ਕਰ ਦਿਤਾ।
Rohingya Muslims
ਸਿਤਮ ਦੀ ਗੱਲ ਇਹ ਸੀ ਕਿ ਕੋਈ ਵੀ ਦੇਸ਼ ਉਨ੍ਹਾਂ ਨੂੰ ਦਾਖ਼ਲ ਨਹੀਂ ਹੋਣ ਦੇ ਰਿਹਾ ਸੀ ਤੇ ਨਾ ਹੀ ਦੁਨੀਆਂ ਦੀ ਕੋਈ ਵੀ ਸਮਾਜ ਸੇਵੀ ਸੰਸਥਾ, ਅਜਿਹੇ ਮਾੜੇ ਸਮੇਂ ਉਨ੍ਹਾਂ ਦੀ ਮਦਦ ਲਈ ਸਾਹਮਣੇ ਆ ਰਹੀ ਸੀ। ਅਜਿਹੇ ਸਮੇਂ ਇਕ 'ਖ਼ਾਲਸਾ ਏਡ' ਹੀ ਇਕ ਅਜਿਹੀ ਸੰਸਥਾ ਸੀ ਜੋ ਰੋਹਿੰਗਿਆ ਦੀ ਮਦਦ ਲਈ ਮਸੀਹਾ ਬਣ ਬਹੁੜੀ।
Rohingya Muslims
ਸੀਰੀਆ
ਇਸ ਤੋਂ ਪਹਿਲਾਂ 'ਖ਼ਾਲਸਾ ਏਡ' ਨੇ ਵਿਚ ਮੁਸਲਮਾਨਾਂ ਦੀ ਮਦਦ ਕਰ ਕੇ ਸੈਂਕੜੇ ਲੋਕਾਂ ਨੂੰ ਨਵੀਂ ਜ਼ਿੰਦਗੀ ਦਿਤੀ ਸੀ। ਖ਼ਾਲਸਾ ਏਡ ਦੇ ਮੈਂਬਰਾਂ ਨੇ ਬੰਬਾਂ, ਗੋਲੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਸੀਰੀਆ ਵਿਚ ਉਨ੍ਹਾਂ ਲੋਕਾਂ ਦੀ ਬਾਂਹ ਫੜੀ ਜੋ ਆਪਣੇ ਦੇਸ਼ ਨੂੰ ਛੱਡ ਕੇ ਤੁਰਕੀ ਅਤੇ ਯੂਰਪੀਅਨ ਦੇਸ਼ਾਂ ਵੱਲ ਪਰਵਾਸ ਕਰ ਰਹੇ ਹਨ। ਇਸ ਸੰਸਥਾ ਦੇ ਮੈਂਬਰਾਂ ਨੇ ਆਪਣੀ ਜਾਨ 'ਤੇ ਖੇਡਦਿਆਂ ਤੁਰਕੀ ਵਿਚ ਕੈਂਪ ਲਾ ਕੇ ਸੀਰੀਅਨ ਰਫਿਊਜੀਆਂ ਨੂੰ ਖਾਣਾ, ਕੱਪੜੇ, ਦਵਾਈਆਂ ਤੇ ਰਹਿਣ ਲਈ ਟੈਂਟ ਮੁਹੱਈਆ ਕਰਵਾਏ।
Khalsa Aid in Syria
ਸਿਕਲੀਗਰ ਪਰਿਵਾਰਾਂ ਦੀ ਮਦਦ
ਇਸ ਤੋਂ ਇਲਾਵਾ ਖ਼ਾਲਸਾ ਏਡ ਨੇ ਮੱਧ ਪ੍ਰਦੇਸ਼ ਵਿਚ ਰਹਿਣ ਵਾਲੇ 25 ਸਭ ਤੋਂ ਵੱਧ ਗ਼ਰੀਬ ਸਿਕਲੀਗਰ ਪਰਿਵਾਰਾਂ ਲਈ ਮਕਾਨ, ਪੀਣ ਵਾਲੇ ਸਾਫ਼ ਪਾਣੀ ਲਈ ਡੂੰਘੇ ਬੋਰ ਵਾਲੇ ਟਿਊਬਵੈੱਲ ਦਾ ਪ੍ਰਬੰਧ ਕੀਤਾ ਗਿਆ ਹੈ। ਬੱਚਿਆਂ ਦੀ ਪੜ੍ਹਾਈ ਲਈ ਵਿੱਤੀ ਮਦਦ ਵੀ ਦਿਤੀ ਜਾ ਰਹੀ ਹੈ। ਇਹ ਤਾਂ ਸੰਸਥਾ ਵਲੋਂ ਕੀਤੇ ਗਏ ਮਹਿਜ਼ ਕੁੱਝ ਕਾਰਜਾਂ ਦਾ ਜ਼ਿਕਰ ਕੀਤਾ ਗਿਆ। ਇਸ ਤੋਂ ਇਲਾਵਾ ਖ਼ਾਲਸਾ ਏਡ ਵਲੋਂ ਹਜ਼ਾਰਾਂ ਲੋਕ ਭਲਾਈ ਕਾਰਜ ਕੀਤੇ ਗਏ ਅਤੇ ਕੀਤੇ ਜਾ ਰਹੇ ਹਨ।
Sikligar Falimies
ਜੰਮੂ-ਕਸ਼ਮੀਰ ਵਿਚ ਹੜ੍ਹ:
ਸਾਲ 2014 ਵਿਚ ਜੰਮੂ-ਕਸ਼ਮੀਰ ਵਿਚ ਆਏ ਭਿਆਨਕ ਹੜ੍ਹ ਸਮੇਂ ਵੀ ‘ਖ਼ਾਲਸਾ ਏਡ’ ਨੇ ਰਾਹਤ ਅਤੇ ਬਚਾਅ ਕਾਰਜਾਂ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਲੋੜਵੰਦਾਂ ਦੀ ਸੇਵਾ ਕੀਤੀ।
ਕਸ਼ਮੀਰੀ ਵਿਦਿਆਰਥੀਆਂ ਦੀ ਮਦਦ
ਪੁਲਵਾਮਾ ਹਮਲੇ ਮਗਰੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਕਸ਼ਮੀਰੀ ਵਿਦਿਆਰਥੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ। ਖ਼ਾਲਸਾ ਏਡ ਵਲੋਂ ਕਸ਼ਮੀਰੀਆਂ ਵਿਦਿਆਰਥੀਆਂ ਦਾ ਦੁੱਖ ਸਮਝਦੇ ਹੋਏ ਇਨ੍ਹਾਂ ਨੂੰ ਕਸ਼ਮੀਰ ਵਿਚ ਸਹੀ ਸਲਾਮਤ ਭੇਜਣ ਦਾ ਉਪਰਾਲਾ ਕੀਤਾ ਗਿਆ। ਖ਼ਾਲਸਾ ਏਡ ਵੱਲੋਂ ਕਸ਼ਮੀਰੀ ਵਿਦਿਆਰਥੀਆਂ ਨੂੰ ਸੁਰੱਖਿਆ ਉਹਨਾਂ ਦੇ ਘਰ ਪਹੁੰਚਾਇਆ ਗਿਆ ਸੀ।
Khalsa aid Help Kashmiri Students
ਪੰਜਾਬ ਵਿਚ ਹੜ੍ਹ ਪੀੜਤਾਂ ਦੀ ਮਦਦ
ਕਰੀਬ 2 ਸਾਲ ਪਹਿਲਾਂ ਪੰਜਾਬ ਦੇ ਕੁੱਝ ਇਲਾਕਿਆਂ ਵਿਚ ਭਾਰੀ ਬਾਰਿਸ਼ ਨੇ ਤਬਾਹੀ ਮਚਾ ਦਿੱਤੀ ਸੀ। ਇਸ ਤਬਾਹੀ ਦੇ ਚਲਦਿਆਂ ਸੂਬੇ ਦੇ ਕਈ ਇਲਾਕੇ ਹੜ੍ਹ ਦੀ ਚਪੇਟ ਵਿਚ ਆ ਗਏ। ਇਸ ਦੇ ਚਲਦਿਆਂ ਖ਼ਾਲਸਾ ਏਡ ਨੇ ਹੜ੍ਹ ਪੀੜਤਾਂ ਦੀ ਮਦਦ ਕਰਨ ਦਾ ਬੀੜਾ ਚੁੱਕਿਆ ਅਤੇ ਇਕ ਵਾਰ ਫ਼ਿਰ ਦੁਨੀਆਂ ਵਿਚ ਮਿਸਾਲ ਪੈਦਾ ਕਰ ਦਿੱਤੀ।
Punjab flood
ਭਾਰੀ ਹੜ੍ਹ ਅਤੇ ਬਾਰਿਸ਼ ਵਿਚ ਵੀ ਖ਼ਾਲਸਾ ਏਡ ਦੀ ਟੀਮ ਨੇ ਹੜ੍ਹ ਪੀੜਤਾਂ ਲਈ ਹਰ ਮਦਦ ਕਰਨ ਦਾ ਉਪਰਾਲਾ ਕੀਤਾ। ਵੱਖ ਵੱਖ ਇਲਾਕਿਆਂ ਵਿਚ ਖ਼ਾਲਸਾ ਏਡ ਵੱਲੋਂ ਲੰਗਰ ਲਗਾਏ ਗਏ, ਲੋਕਾਂ ਨੂੰ ਲੋੜੀਂਦਾ ਸਮਾਨ ਵੰਡਿਆ ਗਿਆ ਅਤੇ ਉਹਨਾਂ ਦੀ ਹਰ ਤਰ੍ਹਾਂ ਮਦਦ ਕੀਤੀ ਗਈ। ਸਿਰਫ਼ ਇੰਨਾਂ ਹੀ ਨਹੀਂ ਖ਼ਾਲਸਾ ਏਡ ਵੱਲੋਂ ਸੂਬੇ ਦੇ ਵੱਖ ਵੱਖ ਇਲਾਕਿਆਂ ਵਿਚ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ। ਇਸ ਦੌਰਾਨ ਖ਼ਾਲਸਾ ਏਡ ਦੇ ਬਾਨੀ ਅਤੇ ਮੁਖੀ ਰਵੀ ਸਿੰਘ ਵੱਲੋਂ ਪੰਜਾਬ ਵਿਚ ਹੜ੍ਹ ਪੀੜਤਾਂ ਦੀ ਮਦਦ ਲਈ 1.3 ਕਰੋੜ ਰੁਪਏ ਦੀ ਮਦਦ ਕਰਨ ਦਾ ਐਲਾਨ ਕੀਤਾ ਗਿਆ। ਪੰਜਾਬ ਵਿਚ ਲੋਕਾਂ ਵੱਲੋਂ ਖ਼ਾਲਸਾ ਏਡ ਦੀ ਕਾਫ਼ੀ ਸ਼ਲਾਘਾ ਕੀਤੀ ਜਾ ਰਹੀ ਹੈ।
Langar Aid
ਲੰਗਰ ਏਡ
ਇਹ ਸੰਸਥਾ ਬਿਨਾਂ ਕਿਸੇ ਭੇਦਭਾਵ ਦੀਨ-ਦੁਖੀਆਂ ਦੀ ਭਲਾਈ ਲਈ ਹਰ ਸਾਲ ਲੱਖਾਂ ਡਾਲਰ ਖ਼ਰਚ ਕਰ ਰਹੀ ਹੈ ਅਤੇ ਇਸ ਸੰਸਥਾ ਦੀ ਸਹਾਇਤਾ ਮੁੱਖ ਤੌਰ 'ਤੇ ਯੂਕੇ ਦੇ ਸ਼ਰਧਾਵਾਨ ਸਿੱਖਾਂ ਵਲੋਂ ਕੀਤੀ ਜਾਂਦੀ ਹੈ। ‘ਖਾਲਸਾ ਏਡ’ ਵੱਲੋਂ ਲੰਬੇ ਸਮੇਂ ਲਈ ਕਈ ਪ੍ਰਾਜੈਕਟ ਸ਼ੁਰੂ ਕੀਤੇ ਹੋਏ ਹਨ ਜਿਨਾਂ ਵਿਚ ਪ੍ਰਮੁੱਖ ਤੌਰ ‘ਤੇ ਲੰਗਰ ਏਡ ਪ੍ਰਾਜੈਕਟ ਚਲਾਇਆ ਜਾ ਰਿਹਾ ਹੈ, ਜਿਸ ਦਾ ਮੁੱਖ ਮਕਸਦ ਵਿਸ਼ਵ ਭਰ ਵਿਚ ਭੁੱਖ ਦਾ ਖਾਤਮਾ ਕਰਨਾ ਹੈ। ਇਹ ਸੰਸਥਾ ਹੁਣ ਤੱਕ ਦੁਨੀਆਂ ਭਰ ਵਿਚ ਯੂਕੇ ਸਮੇਤ ਕਈ ਸਥਾਨਾਂ ‘ਤੇ ਲੰਗਰ ਲਗਾ ਚੁੱਕੀ ਹੈ।
Focus Punjab
ਫੌਕਸ ਪੰਜਾਬ
‘ਖਾਲਸਾ ਏਡ’ ਵੱਲੋਂ ਚਲਾਇਆ ਜਾ ਰਿਹਾ ਪ੍ਰਾਜੈਕਟ ਫੌਕਸ ਪੰਜਾਬ ਵੀ ਬਹੁਤ ਮਹੱਤਵਪੂਰਨ ਹੈ, ਇਸ ਪ੍ਰਾਜੈਕਟ ਦੇ ਤਹਿਤ 1984 ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਦੀ ਮਦਦ ਕੀਤੀ ਜਾਂਦੀ ਹੈ। ‘ਖਾਲਸਾ ਏਡ’ ਵੱਲੋਂ ਹੁਣ ਤੱਕ ਕਈ ਪੀੜਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾ ਚੁੱਕੀ ਹੈ।