
ਮਿਆਦੀ ਕਰਜ਼ਿਆਂ 'ਤੇ ਵਿਆਜ਼ ਦਰ 'ਚ 0.15 ਫ਼ੀ ਸਦੀ ਤਕ ਦੀ ਕਟੌਤੀ
ਨਵੀਂ ਦਿੱਲੀ : ਕਿਸ਼ਤਾਂ 'ਤੇ ਘਰ ਜਾਂ ਕਾਰ ਖ਼ਰੀਦਣ ਦੇ ਚਾਹਵਾਨਾਂ ਲਈ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਤੋਂ ਚੰਗੀ ਖ਼ਬਰ ਆਈ ਹੈ। ਬੈਂਕ ਨੇ ਸਾਰੇ ਮਿਆਦ ਦੇ ਕਰਜ਼ਿਆਂ 'ਤੇ ਵਿਆਜ਼ ਦੀ ਦਰ 'ਚ 0.15 ਫ਼ੀ ਸਦੀ ਤਕ ਦੀ ਕਟੌਤੀ ਕਰ ਦਿਤੀ ਹੈ। ਬੈਂਕ ਵਲੋਂ ਕੀਤੀ ਗਈ ਇਹ ਕਟੌਤੀ 10 ਮਾਰਚ ਤੋਂ ਲਾਗੂ ਹੋਵੇਗੀ।
Photo
ਬੈਂਕ ਵਲੋਂ ਚੁੱਕਿਆ ਗਿਆ ਇਹ ਕਦਮ ਕਿਸ਼ਤਾਂ 'ਤੇ ਘਰ ਜਾਂ ਕਾਰ ਖ਼ਰੀਦਣ ਦੇ ਚਾਹਵਾਨਾਂ ਲਈ ਲਾਹੇਵੰਦ ਸਾਬਤ ਹੋ ਸਕਦਾ ਹੈ। ਬੈਂਕ ਵਲੋਂ ਮਾਰਜ਼ੀਨਲ ਕੀਮਤ ਆਫ਼ ਫ਼ੰਡ ਬੈਸਟ ਲੈਂਡਿੰਗ ਰੇਟ (ਐਮਸੀਐਲਆਰ) ਵਿਚ ਕੀਤੀ ਗਈ ਇਸ ਕਮੀ ਨਾਲ ਕਾਰ ਅਤੇ ਘਰ ਲਈ ਲਿਆ ਜਾਣ ਦਾ ਕਰਜ਼ਾ ਸਸਤਾ ਹੋ ਗਿਆ ਹੈ।
Photo
ਇਸ ਤੋਂ ਪਹਿਲਾਂ ਐਮਸੀਐਲਆਰ ਇਕ ਸਾਲ ਦੇ ਕਰਜ਼ੇ 'ਤੇ 7.85 ਫ਼ੀ ਸਦੀ ਤੋਂ ਘਟਾ ਕੇ 7.75 ਫ਼ੀ ਸਦੀ ਕਰ ਦਿਤੀ ਸੀ। ਮੌਜੂਦਾ ਵਿੱਤੀ ਵਰ੍ਹੇ ਦੌਰਾਨ ਬੈਂਕ ਵਲੋਂ ਐਮਸੀਐਲਆਰ ਵਿਚ ਕੀਤੀ ਗਈ ਇਹ ਦਸਵੀਂ ਕਟੌਤੀ ਹੈ। ਬੈਂਕ ਨੇ ਪਹਿਲਾਂ 10 ਫ਼ਰਵਰੀ ਨੂੰ ਵੀ ਸਾਰੇ ਮਿਆਦ ਦੇ ਕਰਜ਼ਿਆਂ 'ਤੇ ਵਿਆਜ਼ ਦਰ 'ਚ 0.05 ਫ਼ੀ ਸਦੀ ਦੀ ਕਟੌਤੀ ਦਾ ਐਲਾਨ ਕੀਤਾ ਸੀ।
Photo
ਕਾਬਲੇਗੌਰ ਹੈ ਕਿ ਐਮਸੀਐਲਆਰ ਦੀਆਂ ਦਰਾਂ ਫ਼ੰਡਾਂ ਦੀ ਅਪਣੀ ਖੁਦ ਦੀ ਲਾਗਤ 'ਤੇ ਨਿਰਭਰ ਹਨ। ਜੇ ਤੁਸੀਂ ਐਸਬੀਆਈ ਤੋਂ ਐਮਸੀਐਲਆਰ ਰੇਟ 'ਤੇ ਘਰ ਲਈ ਕਰਜ਼ ਲਿਆ ਹੋਇਆ ਹੈ ਤਾਂ ਤੁਹਾਡੇ ਈਐਮਆਈ ਵਿਚ ਇਕਦਮ ਕਮੀ ਨਹੀਂ ਆਵੇਗੀ। ਕਿਉਂਕਿ ਐਮਸੀਐਲਆਰ ਅਧਾਰਤ ਕਰਜ਼ ਵਿਚ ਆਮ ਤੌਰ 'ਤੇ ਇਕ ਸਾਲ ਦੀ ਰੀਸੈਟ ਧਾਰਾ ਹੁੰਦੀ ਹੈ।
Photo
ਸਟੇਟ ਬੈਂਕ ਆਫ਼ ਇੰਡੀਆ ਵਲੋਂ ਵਿਆਜ਼ ਦਰ ਵਿਚ ਕੀਤੀ ਗਈ ਕਟੌਤੀ ਤੋਂ ਬਾਅਦ ਤੁਹਾਨੂੰ ਇਕ ਦਿਨ ਅਤੇ ਇਕ ਮਹੀਨੇ ਦੇ ਕਰਜ਼ੇ 'ਤੇ ਵਿਆਜ਼ 7.45 ਫ਼ੀਸਦੀ ਦੀ ਦਰ ਨਾਲ ਅਦਾ ਕਰਨਾ ਪਵੇਗਾ। ਇਸ ਮਿਆਦ ਲਈ ਵਿਆਜ਼ ਦਰ 0.15 ਫ਼ੀ ਸਦੀ ਦੀ ਕਮੀ ਆਈ ਹੈ। ਤਿੰਨ ਮਹੀਨੇ ਦੀ ਐਮਸੀਐਲਆਰ ਹੁਣ 7.50 ਫ਼ੀ ਸਦੀ ਹੋਵੇਗੀ।