
ਤੇਜ਼ੀ ਨਾਲ ਵਧਣ ਲੱਗਾ ਕੋਰੋਨਾ, ਦੇਸ਼ ਵਿਚ ਕੁਲ 206 ਮੌਤਾਂ, ਪੀੜਤਾਂ ਦੀ ਗਿਣਤੀ 6500 ਤੋਂ ਪਾਰ
ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਵਾਇਰਸ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਭਾਰਤ ਵਿਚ ਇਸ ਮਹਾਮਾਰੀ ਨਾਲ ਹੁਣ ਤਕ 206 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 6761 ਲੋਕਾਂ ਇਸ ਬੀਮਾਰੀ ਤੋਂ ਪੀੜਤ ਹਨ। ਹਰ ਦਿਨ ਕੋਰੋਨਾ ਦੇ ਅੰਕੜਿਆ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਇਕ ਦਿਨ ਵਿਚ 37 ਲੋਕਾਂ ਦੀ ਮੌਤ ਹੋਈ ਹੈ ਜੋ ਹੁਣ ਤਕ ਦੀ ਇਕ ਦਿਨ ਦੀ ਸੱਭ ਤੋਂ ਜ਼ਿਆਦਾ ਗਿਣਤੀ ਹੈ।
ਸਿਹਤ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਵਿਚ ਦੇਸ਼ ਵਿਚ ਕੋਰੋਨਾ ਵਾਇਰਸ ਦੇ ਕੁਲ 896 ਮਾਮਲੇ ਸਾਹਮਣੇ ਆਏ ਹਨ ਜਿਹੜੇ ਹੁਣ ਤਕ ਸੱਭ ਤੋਂ ਜ਼ਿਆਦਾ ਹਨ। ਇਸ ਦੌਰਾਨ ਰਾਹਤ ਦੀ ਖ਼ਬਰ ਇਹ ਹੈ ਕਿ ਦੇਸ਼ ਵਿਚ 506 ਲੋਕ ਇਸ ਬੀਮਾਰੀ ਤੋਂ ਠੀਕ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਵਿਚੋਂ ਛੁੱਟੀ ਦੇ ਦਿਤੀ ਗਈ ਹੈ।
File photo
ਦੇਸ਼ ਵਿਚ ਇਸ ਵੇਲੇ ਤਾਲਾਬੰਦੀ ਲਾਗੂ ਹੈ ਜਿਸ ਦੀ ਮਿਆਦ 14 ਅਪ੍ਰੈਲ ਨੂੰ ਖ਼ਤਮ ਹੋ ਰਹੀ ਹੈ। ਉੜੀਸਾ ਅਤੇ ਪੰਜਾਬ ਨੇ ਤਾਲਾਬੰਦੀ ਦੀ ਮਿਆਦ ਪਹਿਲਾਂ ਹੀ 30 ਅਪ੍ਰੈਲ ਤਕ ਵਧਾ ਦਿਤੀ ਹੈ ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਨਿਚਰਵਾਰ ਨੂੰ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰ ਕੇ ਤਾਲਾਬੰਦੀ ਵਧਾਉਣ ਜਾਂ ਨਾ ਵਧਾਉਣ ਬਾਰੇ ਫ਼ੈਸਲਾ ਕਰਨਗੇ।
ਇਸ ਗੱਲ ਦੇ ਪੂਰੇ ਆਸਾਰ ਹਨ ਕਿ ਦੇਸ਼ਵਿਆਪੀ ਤਾਲਾਬੰਦੀ 30 ਅਪ੍ਰੈਲ ਤਕ ਵਧ ਸਕਦੀ ਹੈ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਇਸ ਫ਼ੈਸਲੇ ਦਾ ਐਲਾਨ ਕਰਨ ਲਈ ਇਕ ਵਾਰ ਫਿਰ ਦੇਸ਼ ਨੂੰ ਸੰਬੋਧਨ ਕਰ ਸਕਦੇਹਨ। ਸੂਤਰਾਂ ਮੁਤਾਬਕ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਕੂਲ, ਕਾਲਜ, ਦੁਕਾਨਾਂ, ਧਾਰਮਕ ਸੰਸਥਾਵਾਂ ਆਦਿ ਸਾਰੇ ਬੰਦ ਰਹਿਣਗੇ। ਇਸੇ ਦੌਰਾਨ ਬਿਹਾਰ ਵਿਚ ਸ਼ੁਕਰਵਾਰ ਨੂੰ ਇਕ ਪਰਵਾਰ ਦੇ 23 ਜੀਅ ਕੋਰੋਨਾ ਵਾਇਰਸ ਤੋਂ ਪੀੜਤ ਮਿਲੇ ਹਨ।