
ਇਸ ਦੇ ਨਾਲ ਹੀ ਉਹਨਾਂ ਸਪੱਸ਼ਟ ਕੀਤਾ ਕਿ ਪਾਰਟੀ ਵਿਚ ਅਨੁਸ਼ਾਸਨ ਵਿਚ ਨਾ ਰਹਿਣ ਵਾਲਿਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ।
ਨਵੀਂ ਦਿੱਲੀ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਨਵੀਂ ਟੀਮ ਨੇ ਸੋਮਵਾਰ ਨੂੰ ਪਾਰਟੀ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਮੀਟਿੰਗ ਵਿਚ ਪੰਜਾਬ ਕਾਂਗਰਸ ਨੂੰ ਮਜ਼ਬੂਤ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅੱਜ ਤੋਂ ਬਾਅਦ ਸੂਬੇ ਵਿਚ ਨਵੀਂ ਕਾਂਗਰਸ ਦੀ ਸ਼ੁਰੂਆਤ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਅਸੀਂ ਕਤਾਰ ਵਿਚ ਖੜ੍ਹੇ ਆਖ਼ਰੀ ਵਿਅਕਤੀ ਤੱਕ ਪਹੁੰਚਾਂਗੇ।
ਇਸ ਦੇ ਨਾਲ ਹੀ ਉਹਨਾਂ ਸਪੱਸ਼ਟ ਕੀਤਾ ਕਿ ਪਾਰਟੀ ਵਿਚ ਅਨੁਸ਼ਾਸਨ ਵਿਚ ਨਾ ਰਹਿਣ ਵਾਲਿਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ। ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲ਼ ਕਰਦਿਆਂ ਰਾਜਾ ਵੜਿੰਗ ਨੇ ਕਿਹਾ, “ਵੱਖ-ਵੱਖ ਮੁੱਦਿਆਂ 'ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ ਅਤੇ ਮੌਜੂਦਾ ਸਰਕਾਰ ਦੇ ਸਾਹਮਣੇ ਜਨਤਕ ਮੁੱਦਿਆਂ ਨੂੰ ਕਿਵੇਂ ਉਠਾਉਣਾ ਹੈ, ਇਸ ਸਬੰਧੀ ਚਰਚਾ ਹੋਈ। ਅਸੀਂ ਨਵੀਂ ਕਾਂਗਰਸ, ਨਵਾਂ ਮਾਡਲ ਦੇਣ ਅਤੇ ਰਾਹੁਲ ਗਾਂਧੀ ਦੇ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ”।
ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਕਿਹਾ, “ਹੁਣ ਰੈਲੀਆਂ-ਧਰਨਿਆਂ ਜਾਂ ਟਵਿਟਰ 'ਤੇ ਕੋਈ ਆਗੂ ਕਿਸੇ ਕਾਂਗਰਸੀ ਖ਼ਿਲਾਫ਼ ਸ਼ਬਦੀ ਹਮਲੇ ਜਾਂ ਟਿੱਪਣੀ ਨਹੀਂ ਕਰੇਗਾ। ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਹੋਵੇਗੀ, ਚਾਹੇ ਉਹ ਰਾਜਾ ਵੜਿੰਗ ਹੀ ਕਿਉਂ ਨਾ ਹੋਵੇ। ਜੇਕਰ ਮੈਂ ਕੁਝ ਅਜਿਹਾ ਕਰਾਂਗਾ ਤਾਂ ਪਾਰਟੀ ਮੈਨੂੰ ਵੀ ਬਾਹਰ ਦਾ ਰਸਤਾ ਦਿਖਾ ਦੇਵੇ। ਪਾਰਟੀ ਨੂੰ ਹਰ ਕਿਸੇ ਦੀ ਲੋੜ ਹੈ, ਚਾਹੇ ਉਹ ਨਵਜੋਤ ਸਿੱਧੂ ਹੋਣ ਜਾਂ ਸੁਨੀਲ ਜਾਖੜ”।
ਰਾਹੁਲ ਗਾਂਧੀ ਦੇ ਨਿਵਾਸ ਸਥਾਨ 'ਤੇ ਹੋਈ ਇਸ ਮੀਟਿੰਗ ਦੌਰਾਨ ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਸੂਬਾ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸੂ, ਵਿਧਾਇਕ ਦਲ ਦੇ ਉਪ ਨੇਤਾ ਰਾਜ ਕੁਮਾਰ ਚੱਬੇਵਾਲ ਅਤੇ ਸੂਬਾ ਇੰਚਾਰਜ ਹਰੀਸ਼ ਚੌਧਰੀ ਮੌਜੂਦ ਸਨ।
ਇਸ ਮੁਲਾਕਾਤ ਬਾਰੇ ਪ੍ਰਤਾਪ ਸਿੰਘ ਬਾਜਵਾ ਨੇ ਨਿਊਜ਼ ਏਜੰਸੀ ਨੂੰ ਦੱਸਿਆ, "ਰਾਹੁਲ ਜੀ ਸਾਡੇ ਨੇਤਾ ਹਨ ਅਤੇ ਅਸੀਂ ਉਹਨਾਂ ਨਾਲ ਇਹ ਸ਼ਿਸ਼ਟਾਚਾਰ ਮੁਲਾਕਾਤ ਕੀਤੀ।" ਉਹਨਾਂ ਇਹ ਵੀ ਕਿਹਾ, “ਹੁਣ ਅਸੀਂ ਸਾਰੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੋਕਾਂ ਸਾਹਮਣੇ ਬੇਨਕਾਬ ਕਰਾਂਗੇ ਕਿਉਂਕਿ ਇਹ ਸਰਕਾਰ ਝੂਠ ਦੇ ਆਧਾਰ ‘ਤੇ ਬਣੀ ਹੈ। ਅਸੀਂ ਸਖ਼ਤ ਵਿਰੋਧੀ ਧਿਰ ਦੀ ਭੂਮਿਕਾ ਨਿਭਾਵਾਂਗੇ ਅਤੇ ਸਾਡੇ ਲਈ ਪੰਜਾਬ ਦਾ ਹਿੱਤ ਸਭ ਤੋਂ ਉੱਪਰ ਹੋਵੇਗਾ।"