
Surat Fire News : ਫ਼ਾਇਰ ਬ੍ਰਿਗੇਡ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਪਾਇਆ ਅੱਗ 'ਤੇ ਕਾਬੂ
ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਰਿਹਾਇਸ਼ੀ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ। ਇਹ ਹਾਦਸਾ ਵੇਸੂ ਇਲਾਕੇ ਵਿੱਚ ਇੱਕ ਬਹੁ-ਮੰਜ਼ਿਲਾ ਇਮਾਰਤ ਹੈਪੀ ਐਕਸਲੈਂਸੀਆ ਵਿੱਚ ਵਾਪਰਿਆ, ਜਿੱਥੇ ਅੱਗ ਲੱਗਣ ਤੋਂ ਬਾਅਦ 18 ਲੋਕ ਛੱਤ 'ਤੇ ਫਸ ਗਏ ਸਨ। ਫ਼ਾਇਰ ਵਿਭਾਗ ਦੀ ਟੀਮ ਨੇ ਸਮੇਂ ਸਿਰ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
ਅੱਗ ਸਵੇਰੇ 8 ਵਜੇ ਦੇ ਕਰੀਬ ਇਮਾਰਤ ਦੀ ਸੱਤਵੀਂ ਮੰਜ਼ਿਲ 'ਤੇ ਲੱਗੀ ਅਤੇ ਕੁਝ ਹੀ ਸਮੇਂ ਵਿੱਚ ਇਸ ਨੇ ਉੱਪਰਲੀਆਂ ਦੋ ਮੰਜ਼ਿਲਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਸੂਰਤ ਦੇ ਮੇਅਰ ਦਕਸ਼ੇਸ਼ ਮਾਵਾਨੀ ਨੇ ਕਿਹਾ ਕਿ ਫ਼ਾਇਰ ਬ੍ਰਿਗੇਡ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਅਤੇ ਅੱਗ 'ਤੇ ਕਾਬੂ ਪਾ ਲਿਆ ਗਿਆ।
ਉਨ੍ਹਾਂ ਕਿਹਾ, "ਫ਼ਾਇਰ ਬ੍ਰਿਗੇਡ ਨੇ ਪੌੜੀਆਂ ਦੀ ਵਰਤੋਂ ਕਰਕੇ ਲੋਕਾਂ ਨੂੰ ਹੇਠਾਂ ਉਤਰਨ ਵਿੱਚ ਮਦਦ ਕੀਤੀ। ਛੱਤ 'ਤੇ ਫਸੇ 18 ਲੋਕਾਂ ਨੂੰ ਵੀ ਸੁਰੱਖਿਅਤ ਬਚਾ ਲਿਆ ਗਿਆ। ਇਸ ਹਾਦਸੇ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ।"
ਗੁਜਰਾਤ ਦੇ ਗ੍ਰਹਿ ਰਾਜ ਮੰਤਰੀ ਹਰਸ਼ ਸੰਘਵੀ ਉਸੇ ਇਲਾਕੇ ਵਿੱਚ ਰਹਿੰਦੇ ਹਨ। ਅੱਗ ਲੱਗਣ ਦੀ ਖ਼ਬਰ ਮਿਲਦੇ ਹੀ ਉਹ ਮੌਕੇ 'ਤੇ ਪਹੁੰਚੇ ਅਤੇ ਬਚਾਅ ਕਾਰਜਾਂ ਦੀ ਨਿਗਰਾਨੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਅੱਗ ਲੱਗਣ ਸਮੇਂ ਉਹ ਨਾਲ ਲੱਗਦੇ ਬਾਗ਼ ਵਿੱਚ ਸਵੇਰ ਦੀ ਸੈਰ ਕਰ ਰਹੇ ਸਨ ਜਦੋਂ ਉਨ੍ਹਾਂ ਨੇ ਅੱਗ ਦੀਆਂ ਲਪਟਾਂ ਵੇਖੀਆਂ ਅਤੇ ਤੁਰੰਤ ਮੌਕੇ 'ਤੇ ਪਹੁੰਚ ਗਿਆ।