
ਕੌਮੀ ਜਾਂਚ ਏਜੰਸੀ ਐਨ.ਆਈ.ਏ ਨੇ ਗੁਜਰਾਤ ਦੇ ਸੂਰਤ ਸਥਿਤ ਇਕ ਮੰਦਰ 'ਚ ਛਪਦੀ ਰਹੀ ਜਾਅਲੀ ਕਰੰਸੀ ਦੇ ਮਾਮਲੇ ਦਾ ਪਰਦਾਫ਼ਾਸ਼ ਕੀਤਾ ਹੈ
ਸੂਰਤ, 10 ਮਈ : ਕੌਮੀ ਜਾਂਚ ਏਜੰਸੀ ਐਨ.ਆਈ.ਏ ਨੇ ਗੁਜਰਾਤ ਦੇ ਸੂਰਤ ਸਥਿਤ ਇਕ ਮੰਦਰ 'ਚ ਛਪਦੀ ਰਹੀ ਜਾਅਲੀ ਕਰੰਸੀ ਦੇ ਮਾਮਲੇ ਦਾ ਪਰਦਾਫ਼ਾਸ਼ ਕੀਤਾ ਹੈ। ਇਸ ਮਾਮਲੇ 'ਚ ਮੰਦਰ ਦੇ ਪੁਜਾਰੀ ਸਮੇਤ 6 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਤਾ ਲੱਗਾ ਹੈ ਕਿ ਇਹ ਸਾਰੇ ਇਸੇ ਮੰਦਰ ਤੋਂ ਜਾਅਲੀ ਕਰੰਸੀ ਛਾਪ ਰਹੇ ਸਨ। ਇਸ ਮਾਮਲੇ ਦਾ ਸੰਗੀਨ ਪੱਖ ਇਹ ਹੈ ਕਿ ਮੰਦਰ ਦਾ ਪੁਜਾਰੀ ਵੀ ਇਸ ਘਿਨਾਉਣੇ ਕੰਮ 'ਚ ਸ਼ਾਮਲ ਸੀ। ਇਨ੍ਹਾਂ ਨੇ ਵਧੀਆ ਸਕੈਨਰ ਤੇ ਲੇਜ਼ਰ ਪ੍ਰਿੰਟਰ ਇਸ ਮੰਦਰ 'ਚ ਰੱਖੇ ਹੋਏ ਸਨ ਤੇ ਉਸੇ ਨਾਲ ਇਹ ਸਾਰੀ ਖੇਡ ਰਚਾਉਂਦੇ ਸਨ। ਜਾਅਲੀ ਕਰੰਸੀ ਨੂੰ ਮੰਦਰ ਦੇ ਚੜ੍ਹਾਵੇ ਵਿਚ ਮਿਲਾ ਦਿਤਾ ਜਾਂਦਾ ਸੀ ਤੇ ਫਿਰ ਏਜੰਟਾਂ ਦੀ ਮਦਦ ਨਾਲ ਉਸ ਜਾਅਲੀ ਕਰੰਸੀ ਨੂੰ ਸਥਾਨਕ ਬਾਜ਼ਾਰ ਵਿਚ ਖਪਾਇਆ ਜਾਂਦਾ ਸੀ।
ਉਨ੍ਹਾਂ ਵਿਚੋਂ ਹੀ ਕਿਸੇ ਏਜੰਟ ਨੇ ਇਸ ਦੇਸ਼-ਵਿਰੋਧੀ ਕਾਰੇ ਦਾ ਪਰਦਾਫ਼ਾਸ਼ ਕੀਤਾ ਹੈ। ਮੁੱਖ ਮੁਲਜ਼ਮ ਸਵਾਮੀਨਾਰਾਇਣ ਮੰਦਰ ਦਾ ਪੁਜਾਰੀ ਦਸਿਆ ਜਾ ਰਿਹਾ ਹੈ, ਜਿਸ ਦੀ ਸ਼ਨਾਖ਼ਤ ਪੁਲਿਸ ਨੇ ਰਾਧਾਰਮਨ ਸਵਾਮੀ ਵਜੋਂ ਕੀਤੀ ਹੈ। ਬਾਕੀ ਦੇ ਮੁਲਜ਼ਮਾਂ ਵਿਚ ਪ੍ਰਤੀਕ ਚੋੜਵਾੜੀਆ, ਪ੍ਰਵੀਨ ਚੋਪੜਾ, ਉਸ ਦਾ ਪੁੱਤਰ ਕਾਲੂ ਚੋਪੜਾ, ਮੋਹਨ ਵਾਘਵਾੜੇ ਅਤੇ ਪ੍ਰਵੀਨ ਦੇ ਇਕ ਪੁੱਤਰ ਵਜੋਂ ਹੋਈ ਹੈ। ਪੁਲਿਸ ਮੁਤਾਬਕ ਮੁਲਜ਼ਮਾਂ ਕੋਲੋਂ 2000 ਦੇ 5013 ਨੋਟ ਬਰਾਮਦ ਹੋਏ ਹਨ ਜਿਨ੍ਹਾਂ ਦੀ ਕੀਮਤ 1 ਕਰੋੜ 26 ਹਜ਼ਾਰ ਦੇ ਲਗਭਗ ਬਣਦੀ ਹੈ। ਪੁਲਿਸ ਮੁਤਾਬਕ ਚੋਪੜਾ ਵਿਰੁਧ ਪਹਿਲਾਂ ਤੋਂ ਹੀ ਗੁਜਰਾਤ ਤੇ ਮੁੰਬਈ ਵਿਚ ਕਈ ਕੇਸ ਚੱਲ ਰਹੇ ਹਨ। (ਏਜੰਸੀ)