
ਦੇਸ਼ 'ਚ ਬਾਲਣ ਦੀ ਮੰਗ 'ਚ ਅਪ੍ਰੈਲ ਮਹੀਨੇ ਵਿਚ 46 ਫ਼ੀ ਸਦੀ ਦੀ ਗਿਰਾਵਟ ਆਈ ਹੈ
ਨਵੀਂ ਦਿੱਲੀ, 10 ਮਈ : ਦੇਸ਼ 'ਚ ਬਾਲਣ ਦੀ ਮੰਗ 'ਚ ਅਪ੍ਰੈਲ ਮਹੀਨੇ ਵਿਚ 46 ਫ਼ੀ ਸਦੀ ਦੀ ਗਿਰਾਵਟ ਆਈ ਹੈ। ਕੋਰੋਨਾ ਵਾਇਰਸ ਕਾਰਨ ਬੰਦ ਦੇ ਚਲਦੇ ਐਲਪੀਜੀ ਨੂੰ ਛੱਡ ਹੋਰ ਸਾਰੇ ਪਟਰੌਲੀਅਮ ਉਤਪਾਦਾਂ ਦੀ ਖਪਤ 'ਚ ਭਾਰੀ ਗਿਰਾਵਟ ਆਈ ਹੈ। ਦੇਸ਼ਵਿਆਪੀ ਬੰਦ ਕਾਰਨ ਆਰਥਕ ਗਤੀਵਿਧੀਆਂ ਰੁਕੀਆਂ ਹੋਈਆਂ ਹਨ ਅਤੇ ਯਾਤਰਾ 'ਤੇ ਰੋਕ ਹੈ। ਹਾਲਾਂਕਿ, ਅਪ੍ਰੈਲ ਦੇ ਆਖਰੀ ਦਸ ਦਿਨਾਂ 'ਚ ਕੁੱਝ ਸੁਧਾਰ ਹੋਇਆ ਹੈ ਕਿਉਂਕਿ ਸਰਕਾਰ ਨੇ ਸ਼ਹਿਰੀ ਨਗਰ ਨਿਗਮ ਦੀ ਸਰਹੱਦ ਦੇ ਬਾਹਰ ਆਰਥਕ ਗਤੀਵਿਧੀਆਂ ਦੀ ਇਜਾਜ਼ਤ ਦਿਤੀ ਹੈ। ਜਦੋਂਕਿ ਹੁਣ ਕੁੱਝ ਹੋਰ ਖੇਤਰਾਂ ਨੂੰ ਖੋਲ੍ਹਣ ਦੀ ਆਗਿਆ ਦਿਤੀ ਗਈ ਹੈ ਅਜਿਹੇ ਵਿਚ ਉਮੀਦ ਕੀਤੀ ਜਾ ਰਹੀ ਹੈ ਕਿ ਮਈ ਦੇ ਦੂਜੇ ਹਫ਼ਤੇ ਵਿਚ ਮੰਗ 'ਚ ਹੋਰ ਸੁਧਾਰ ਹੋਵੇਗਾ।
ਪਟਰੌਲੀਅਮ ਮੰਤਰਾਲੇ ਵਲੋਂ ਜਾਰੀ ਅੰਕੜੀਆਂ ਮੁਤਾਬਕ ਅਪ੍ਰੈਲ 'ਚ ਦੇਸ਼ ਦੀ ਬਾਲਣ ਦੀ ਖਪਤ 45.8 ਫ਼ੀ ਸਦੀ ਘੱਟ ਕੇ 99.29 ਲੱਖ ਟਨ ਰਹਿ ਗਈ। ਇਕ ਸਾਲ ਪਹਿਲਾਂ ਇਸੇ ਮਹੀਨੇ 'ਚ ਇਹ 1.83 ਲੱਖ ਟਨ ਤੋਂ ਵੱਧ ਸੀ। ਮਾਰਚ 'ਚ ਬਾਲਣ ਦੀ ਖਪਤ 1.60 ਕਰੋੜ ਟਨ ਰਹੀ ਸੀ। ਉਸ ਸਮੇਂ ਹੀ ਕੋਰੋਨਾ ਵਾਇਰਸ ਦੇ ਫੈਲਣ ਤੋਂ ਰੋਕਣ ਲਈ ਰੋਕਾਂ ਦੀ ਸ਼ੁਰੂਆਤ ਹੋਈ ਸੀ। ਅਪ੍ਰੈਲ 'ਚ ਪਟਰੌਲ ਦੀ ਵਿਕਰੀ 60.43 ਫ਼ੀ ਸਦੀ ਘੱਟ ਕੇ 9,73000 ਟਨ ਰਹੀ। ਅਪ੍ਰੈਲ ਦੇ ਪਹਿਲੇ ਹਫ਼ਤੇ ਵਿਚ ਪਟਰੌਲ ਦੀ ਵਿਕਰੀ 64 ਫ਼ੀ ਸਦੀ ਘਟੀ ਸੀ, ਪਰ ਦੂਜੇ ਹਫ਼ਤੇ 'ਚ ਕੁੱਝ ਦਫ਼ਤਰ ਖੁੱਲ੍ਹਣ ਅਤੇ ਸੜਕ 'ਤੇ ਕੁੱਝ ਵਾਹਨਾਂ ਦੇ ਚਲਣ ਕਾਰਨ ਵਿਕਰੀ 'ਚ ਕੁੱਝ ਵਾਧਾ ਹੋਇਆ ਹੈ। (ਪੀਟੀਆਈ)