
ਸਿੱਖ ਬ੍ਰਦਰਹੁਡ ਇੰਟਰਨੈਸ਼ਨ ਦੇ ਕੌਮੀ ਪ੍ਰਧਾਨ ਬਖ਼ਸ਼ੀ ਪਰਮਜੀਤ ਸਿੰਘ ਨੇ ਕਿਹਾ ਕਿ ਸਿੱਖਾਂ ਨੂੰ ਹੁਣ ਸੱਪਾਂ ਨੂੰ ਖੁਵਾਉਣਾ-ਪਿਆਉਣਾ ਬੰਦ ਕਰਨਾ ਚਾਹੀਦਾ ਹੈ।
ਨਵੀਂ ਦਿੱਲੀ, 10 ਮਈ (ਸੁਖਰਾਜ ਸਿੰਘ): ਸਿੱਖ ਬ੍ਰਦਰਹੁਡ ਇੰਟਰਨੈਸ਼ਨ ਦੇ ਕੌਮੀ ਪ੍ਰਧਾਨ ਬਖ਼ਸ਼ੀ ਪਰਮਜੀਤ ਸਿੰਘ ਨੇ ਕਿਹਾ ਕਿ ਸਿੱਖਾਂ ਨੂੰ ਹੁਣ ਸੱਪਾਂ ਨੂੰ ਖੁਵਾਉਣਾ-ਪਿਆਉਣਾ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਸਮਾਜ ਗੁਰੂ ਸਹਿਬਾਨਾਂ ਦੇ ਸਮੇਂ ਤੋਂ ਹੀ ਲੰਗਰ ਲਗਾਉਂਦਾ ਆ ਰਿਹਾ ਹੈ ਕਿਉਂਕਿ ਗੁਰੂਆਂ ਨੇ ਸਾਨੂੰ ਇਹ ਸਿਖਿਆ ਦਿਤੀ ਅਤੇ ਅਸੀ ਬਿਨਾਂ ਕਿਸੇ ਭੇਦਭਾਵ ਅਤੇ ਜਾਤਪਾਤ ਦੇ ਸਾਰਿਆਂ ਨੂੰ ਲੰਗਰ ਛਿਕਾਉਂਦੇ ਹਾਂ ਪਰ ਕੁੱਝ ਫ਼ਿਰਕਾਪ੍ਰਸਤ ਲੋਕਾਂ ਨੇ ਸਾਨੂੰ ਸਿਖਾਇਆ ਹੈ, ਜਿਸ ਦੇ ਚਲਦਿਆਂ ਹੁਣ ਸਾਨੂੰ ਲੰਗਰ ਕੇਵਲ ਗੁਰਦਵਾਰਿਆਂ ਵਿਚ ਆਉਣ ਵਾਲਿਆਂ ਨੂੰ ਛਕਾਉਣਾਂ ਚਾਹੀਦਾ ਹੈ,
ਬਜਾਏ ਇਸ ਦੇ ਕਿ ਸੜਕਾਂ 'ਤੇ ਜਾ ਕੇ ਲੰਗਰ ਵੰਡਣਾ। ਉਨ੍ਹਾਂ ਕਿਹਾ ਕਿ ਅਸੀ ਤਾਂ ਇਸ ਨੂੰ ਸੇਵਾ ਸਮਝ ਕੇ ਕਰਦੇ ਹਾਂ ਪਰ ਕੁੱਝ ਫ਼ਿਰਕਾਪ੍ਰਸਤ ਲੋਕ ਜੋ ਲੰਗਰ ਵੀ ਸਾਡੇ ਖਾਂਦੇ ਹਨ ਤੇ ਸਾਡੇ ਨਾਲ ਜਾਨਵਰਾਂ ਵਾਲਾ ਸਲੂਕ ਕਰਦੇ ਹਨ। ਬਖ਼ਸ਼ੀ ਪਰਮਜੀਤ ਸਿੰਘ ਨੇ ਕਿਹਾ ਕਿ ਇਸ ਦੀ ਤਾਜ਼ਾ ਮਿਸਾਲ ਬੀਤੇ ਦਿਨੀਂ ਮੁੰਬਈ ਵਿਖੇ ਵੇਖਣ ਨੂੰ ਮਿਲੀ ਜਦੋਂ ਇਕ ਖ਼ਾਸ ਸਮਾਜ ਦੇ ਲੋਕਾਂ ਨੇ ਇਕ ਸਿੱਖ ਨੌਜਵਾਨ ਨੂੰ ਛੋਟੀ ਜਿਹੀ ਗੱਲ 'ਤੇ ਇਸ ਕਦਰ ਤੇਜ਼ ਹਥਿਆਰਾਂ ਨਾਲ ਬੇਰਹਮੀ ਨਾਲ ਮਾਰਿਆ ਅਤੇ ਕੁਟਿਆ। ਪਰ ਪਰਮਾਤਮਾ ਦੀ ਨਜ਼ਰ ਸਵੱਲੀ ਸੀ ਕਿ ਉਹ ਬਚ ਗਿਆ ਪਰ ਉਨ੍ਹਾਂ ਲੋਕਾਂ ਨੇ ਉਸ ਨੂੰ ਮਾਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਸੀ।
File Photo
ਸ. ਬਖ਼ਸ਼ੀ ਨੇ ਕਿਹਾ ਕਿ 1984 ਵਿਚ ਜਦੋਂ ਦੇਸ਼ ਭਰ 'ਚ ਸਿੱਖਾਂ ਦਾ ਕਤਲੇਆਮ ਹੋਇਆ ਤੇ ਸਿੱਖਾਂ ਨੇ ਕਾਫ਼ੀ ਸੰਤਾਪ ਹੰਢਾਇਆ ਪਰ ਇਸ ਦੇ ਬਾਵਜੂਦ ਜਦੋਂ ਵੀ ਦੇਸ਼-ਵਿਦੇਸ਼ ਵਿਚ ਕਿਤੇ ਵੀ ਕੋਈ ਵੀ ਆਫ਼ਤ ਆਈ ਸੱਭ ਤੋਂ ਪਹਿਲਾਂ ਸਿੱਖਾਂ ਨੇ ਮੋਰਚਾ ਸੰਭਾਲਿਆ ਤੇ ਲੋੜਵੰਦਾਂ ਦੀ ਹਰ ਪ੍ਰਕਾਰ ਦੀ ਮਦਦ ਕੀਤੀ। ਹਾਲ ਹੀ ਵਿਚ ਦਿੱਲੀ ਦੇ ਯੁਮਨਾਪਾਰ ਇਲਾਕੇ ਵਿਚ ਹੋਏ ਦੰਗਿਆਂ ਦੌਰਾਨ ਸਿੱਖਾਂ ਨੇ ਲਗਾਤਾਰ ਲੋਕਾਂ ਨੂੰ ਬਚਾਇਆ, ਲੰਗਰ ਲਗਾਏ, ਰਾਸ਼ਨ ਵੰਡਿਆ, ਬਿਮਾਰਾਂ ਨੂੰ ਦਵਾਈਆਂ ਆਦਿ ਪ੍ਰਦਾਨ ਕਰਵਾਈਆਂ ਅਤੇ ਜਦੋਂ ਸ਼ਾਹੀਨ ਬਾਗ਼ 'ਚ ਲੋਕ ਧਰਨੇ 'ਤੇ ਬੈਠੇ ਸਨ ਤਾਂ ਸਿੱਖਾਂ ਨੇ ਉਥੇ ਵੀ ਰੋਜ਼ਾਨਾ ਇਨ੍ਹਾਂ ਨੂੰ ਲੰਗਰ ਖੁਵਾਇਆ ਤੇ ਹਰ ਸੰਭਵ ਮਦਦ ਕੀਤੀ।
ਸ. ਬਖ਼ਸ਼ੀ ਨੇ ਕਿਹਾ ਕਿ ਅੱਜ ਮੁੰਬਈ ਦੀ ਘਟਨਾ ਨੂੰ ਹੋਇਆਂ ਕਈ ਦਿਨ ਬੀਤ ਚੁਕੇ ਹਨ ਪਰ ਕਿਸੇ ਇਕ ਵੀ ਮੁਸਲਿਮ ਆਗੂ, ਕਿਸੇ ਰਾਜਨੀਤਿਕ ਪਾਰਟੀ ਦੇ ਨੇਤਾ ਦਾ ਬਿਆਨ ਤਕ ਨਹੀਂ ਆਇਆ। ਬਖ਼ਸ਼ੀ ਪਰਮਜੀਤ ਸਿੰਘ ਨੇ ਕਿਹਾ ਕਿ ਇਸ ਨਾਲ ਪਤਾ ਚਲਦਾ ਹੈ ਕਿ ਇਸ ਦੇਸ਼ ਵਿਚ ਸਿੱਖਾਂ ਲਈ ਵਖ਼ਰਾ ਤੇ ਬਾਕੀ ਧਰਮਾਂ ਦੇ ਲੋਕਾਂ ਵਾਸਤੇ ਇਕ ਕਾਨੂੰਨ ਹੈ ਕਿਉੁਂਕਿ ਸਿੱਖਾਂ ਨਾਲ ਅਪਣੇ ਦੇਸ਼ ਵਿਚ ਹੀ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੈਂ ਇਹ ਵੀ ਦਾਅਵਾ ਕਰਦਾ ਹਾਂ ਕਿ ਜੇਕਰ ਇੰਦਰ ਸਿੰਘ ਚੁਕੱਨਾ ਹੁੰਦਾ ਤਾਂ ਉਹ 30 ਲੋਕਾਂ 'ਤੇ ਇਕੱਲਾ ਹੀ ਭਾਰੂ ਸੀ।