
ਅਧਿਕਾਰੀਆਂ ਨੇ ਦਸਿਆ ਕਿ ਇਸ ਤੋਂ ਇਲਾਵਾ ਕੌਮੀ ਰਾਜਧਾਨੀ ’ਚ ਚੱਕਰਵਾਤ ਦੌਰਾਨ ਬਿਜਲੀ ਸਪਲਾਈ ਠੱਪ ਹੋਣ ਦੀਆਂ 202 ਕਾਲਾਂ ਆਈਆਂ
Delhi Weather News: ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ’ਚ ਤੂਫਾਨ ਨਾਲ ਜੁੜੀਆਂ ਘਟਨਾਵਾਂ ’ਚ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ ਅਤੇ 23 ਹੋਰ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਕਈ ਥਾਵਾਂ ’ਤੇ ਤੇਜ਼ ਹਵਾਵਾਂ ਕਾਰਨ ਦਰੱਖਤ, ਬਿਜਲੀ ਦੇ ਖੰਭੇ ਉਖੜ ਗਏ ਅਤੇ ਕੰਧਾਂ ਦੇ ਕੁੱਝ ਹਿੱਸੇ ਢਹਿ ਗਏ। ਸ਼ੁਕਰਵਾਰ ਦੇਰ ਰਾਤ ਕੌਮੀ ਰਾਜਧਾਨੀ ’ਚ ਆਏ ਧੂੜ ਭਰੇ ਤੂਫਾਨ ਕਾਰਨ ਕਈ ਇਲਾਕਿਆਂ ’ਚ ਬਿਜਲੀ ਸਪਲਾਈ ਵੀ ਠੱਪ ਹੋ ਗਈ। ਪਛਮੀ ਦਿੱਲੀ ਦੇ ਵਿਕਾਸਪੁਰੀ ’ਚ ਜਨਕਪੁਰੀ ਫਲਾਈਓਵਰ ਨੇੜੇ ਇਕ ਦਰੱਖਤ ਦੀ ਟਾਹਣੀ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ।
ਪੁਲਿਸ ਨੇ ਦਸਿਆ ਕਿ ਕਰੇਨ ਦੀ ਮਦਦ ਨਾਲ ਟਾਹਣੀ ਨੂੰ ਹਟਾਇਆ ਗਿਆ ਅਤੇ ਘਟਨਾ ਵਿਚ ਮਾਰੇ ਗਏ ਜੈ ਪ੍ਰਕਾਸ਼ ਨੂੰ ਦੀਨ ਦਿਆਲ ਉਪਾਧਿਆਏ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿਤਾ ਗਿਆ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਇਸ ਘਟਨਾ ਵਿਚ ਇਕ ਕਾਰ ਵੀ ਨੁਕਸਾਨੀ ਗਈ ਪਰ ਉਸ ਵਿਚ ਸਵਾਰ ਲੋਕ ਸੁਰੱਖਿਅਤ ਹਨ।
ਦੂਜੀ ਘਟਨਾ ’ਚ ਰਾਤ ਕਰੀਬ 11 ਵਜੇ ਕੇ.ਐਨ. ਕਾਟਜੂ ਮਾਰਗ ’ਤੇ ਆਈ.ਬੀ. ਬਲਾਕ ਨੇੜੇ ਇਕ ਮਜ਼ਦੂਰ ’ਤੇ ਦਰੱਖਤ ਡਿੱਗਣ ਨਾਲ ਉਹ ਫਸ ਗਿਆ। ਮਜ਼ਦੂਰ ਦੀ ਪਛਾਣ ਹਰੀ ਓਮ ਵਜੋਂ ਹੋਈ ਹੈ, ਜਿਸ ਨੂੰ ਤੁਰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਪੁਲਿਸ ਅਧਿਕਾਰੀ ਨੇ ਦਸਿਆ ਕਿ ਇਸ ਘਟਨਾ ’ਚ ਇਕ ਕਾਰ ਵੀ ਨੁਕਸਾਨੀ ਗਈ ਪਰ ਉਸ ’ਚ ਸਵਾਰ ਲੋਕ ਸੁਰੱਖਿਅਤ ਹਨ।
ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਦਰੱਖਤਾਂ, ਬਿਜਲੀ ਦੇ ਖੰਭਿਆਂ ਅਤੇ ਹੋਰਡਿੰਗਾਂ (ਸੜਕ ਕਿਨਾਰੇ ਇਸ਼ਤਿਹਾਰ) ਦੇ ਉਖੜਨ ਦੀਆਂ ਘਟਨਾਵਾਂ ਬਾਰੇ 152 ਕਾਲਾਂ ਆਈਆਂ, ਜਿਨ੍ਹਾਂ ਵਿਚੋਂ 130 ਦਿੱਲੀ ਫਾਇਰ ਸਰਵਿਸਿਜ਼ (ਡੀ.ਐਫ.ਐਸ.) ਨੂੰ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਇਮਾਰਤਾਂ ਅਤੇ ਢਾਂਚਿਆਂ ਦੇ ਕੁੱਝ ਹਿੱਸਿਆਂ ਦੇ ਢਹਿਣ ਬਾਰੇ ਵੀ 55 ਕਾਲਾਂ ਮਿਲੀਆਂ ਸਨ।
ਅਧਿਕਾਰੀਆਂ ਨੇ ਦਸਿਆ ਕਿ ਇਸ ਤੋਂ ਇਲਾਵਾ ਕੌਮੀ ਰਾਜਧਾਨੀ ’ਚ ਚੱਕਰਵਾਤ ਦੌਰਾਨ ਬਿਜਲੀ ਸਪਲਾਈ ਠੱਪ ਹੋਣ ਦੀਆਂ 202 ਕਾਲਾਂ ਆਈਆਂ। ਇਕ ਅਧਿਕਾਰੀ ਨੇ ਦਸਿਆ ਕਿ ਖਰਾਬ ਮੌਸਮ ਕਾਰਨ ਸ਼ੁਕਰਵਾਰ ਦੇਰ ਸ਼ਾਮ ਦਿੱਲੀ ਹਵਾਈ ਅੱਡੇ ’ਤੇ 9 ਉਡਾਣਾਂ ਦਾ ਮਾਰਗ ਬਦਲਿਆ ਗਿਆ।