
Kapil Sibal : ਕਿਹਾ, ਪ੍ਰਧਾਨ ਮੰਤਰੀ ਸੰਸਦ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਸਾਰੇ ਸਵਾਲਾਂ ਦੇ ਜਵਾਬ ਦੇਣ
Kapil Sibal raises questions on government over ceasefire with Pakistan Latest News in Punjabi : ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ 'ਤੇ ਸੀਨੀਅਰ ਵਕੀਲ ਅਤੇ ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਅਪਣੀ ਪ੍ਰਤੀਕਿਰਿਆ ਦਿਤੀ ਹੈ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਭਾਰਤੀ ਫ਼ੌਜ ਦੇ ਨਾਲ ਹੈ ਅਤੇ ਮੌਜੂਦਾ ਸਥਿਤੀ ਦੇ ਚੱਲਦਿਆਂ ਸੈਸ਼ਨ ਜਲਦੀ ਬੁਲਾਇਆ ਜਾਣਾ ਚਾਹੀਦਾ ਹੈ। ਕਪਿਲ ਸਿੱਬਲ ਨੇ ਇਹ ਵੀ ਕਿਹਾ ਕਿ ਸਵਾਲ ਉੱਠਦੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਪਹਿਲਗਾਮ ਕਿਉਂ ਨਹੀਂ ਗਏ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਛੇਤੀ ਹੀ ਇਕ ਸਰਬ ਪਾਰਟੀ ਮੀਟਿੰਗ ਬੁਲਾਈ ਜਾਵੇ ਅਤੇ ਪ੍ਰਧਾਨ ਮੰਤਰੀ ਸਾਰੇ ਸਵਾਲਾਂ ਦੇ ਜਵਾਬ ਦੇਣ।
ਰਾਜ ਸਭਾ ਮੈਂਬਰ ਨੇ ਕਿਹਾ ਕਿ ਭਾਰਤੀ ਫ਼ੌਜ ਨੇ ਅਤਿਵਾਦੀਆਂ ਨੂੰ ਢੁਕਵਾਂ ਜਵਾਬ ਦਿਤਾ ਹੈ। ਫ਼ੌਜ ਨੇ ਅਤਿਵਾਦੀ ਟਿਕਾਣਿਆਂ 'ਤੇ ਸਟੀਕ ਹਮਲਾ ਕੀਤਾ। ਪੂਰਾ ਦੇਸ਼ ਫ਼ੌਜ ਦੇ ਨਾਲ ਹੈ ਅਤੇ ਅਸੀਂ ਉਨ੍ਹਾਂ ਨੂੰ ਸਲਾਮ ਕਰਦੇ ਹਾਂ, ਪਰ ਸਵਾਲ ਇਹ ਉੱਠਦਾ ਹੈ ਕਿ ਇਹ ਜੰਗਬੰਦੀ ਕਿਵੇਂ ਹੋਈ?
ਉਨ੍ਹਾਂ ਅੱਗੇ ਕਿਹਾ ਕਿ ਹੁਣ ਜਦੋਂ ਜੰਗਬੰਦੀ ਹੋ ਗਈ ਹੈ, ਸਰਕਾਰ ਨੂੰ ਜਿੰਨੀ ਛੇਤੀ ਹੋ ਸਕੇ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣਾ ਚਾਹੀਦਾ ਹੈ। ਦੇਸ਼ ਦੇ ਮਾਹੌਲ ਨੂੰ ਦੇਖਦੇ ਹੋਏ, ਸੰਸਦ ਦਾ ਸੈਸ਼ਨ ਬੁਲਾਉਣਾ ਜ਼ਰੂਰੀ ਹੈ। ਕਪਿਲ ਸਿੱਬਲ ਨੇ ਪੁੱਛਿਆ, ‘ਪ੍ਰਧਾਨ ਮੰਤਰੀ ਪਹਿਲਗਾਮ ਕਿਉਂ ਨਹੀਂ ਗਏ? ਇਸ 'ਤੇ ਵੀ ਸਵਾਲ ਉੱਠਦੇ ਹਨ। ਜਦੋਂ ਦੇਸ਼ ਸਵਾਲ ਪੁੱਛ ਰਿਹਾ ਹੈ, ਤਾਂ ਜਵਾਬ ਦੇਣ ਵਾਲਾ ਕੋਈ ਕਿਉਂ ਨਹੀਂ ਹੈ? ਅਮਰੀਕਾ ਵਿਚ, ਡੋਨਾਲਡ ਟਰੰਪ ਹਰ ਰੋਜ਼ ਸਵਾਲਾਂ ਦੇ ਜਵਾਬ ਦਿੰਦੇ ਹਨ, ਪਰ ਇੱਥੇ ਕੋਈ ਜਵਾਬ ਕਿਉਂ ਨਹੀਂ ਦਿੰਦਾ?"
ਜੰਗਬੰਦੀ ਸਮਝੌਤੇ ਸਬੰਧੀ ਕਪਿਲ ਸਿੱਬਲ ਨੇ ਅੱਗੇ ਕਿਹਾ, ‘ਸਾਨੂੰ ਇਹ ਨਹੀਂ ਦਸਿਆ ਗਿਆ ਕਿ ਅਮਰੀਕਾ ਨਾਲ ਕੀ ਚਰਚਾ ਹੋਈ ਅਤੇ ਕੀ ਨਹੀਂ। ਦੋਵਾਂ ਦੇਸ਼ਾਂ ਦੇ ਡੀਜੀਐਮਓ ਅਗਲੀ ਵਾਰ ਕਿੱਥੇ ਮਿਲਣਗੇ? ਭਾਰਤ ਅਤੇ ਪਾਕਿਸਤਾਨ ਦੋਵੇਂ ਪ੍ਰਮਾਣੂ ਹਥਿਆਰਬੰਦ ਦੇਸ਼ ਹਨ ਅਤੇ ਕੋਈ ਵੀ ਜੰਗ ਨਹੀਂ ਚਾਹੁੰਦਾ।’
ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਸਾਰੀਆਂ ਪਾਰਟੀਆਂ ਦੀ ਮੀਟਿੰਗ ਬੁਲਾਉਣੀ ਚਾਹੀਦੀ ਹੈ ਅਤੇ ਪ੍ਰਧਾਨ ਮੰਤਰੀ ਨੂੰ ਅੱਗੇ ਆ ਕੇ ਦੇਸ਼ ਨੂੰ ਜਵਾਬ ਦੇਣਾ ਚਾਹੀਦਾ ਹੈ।