
ਅਸਾਮ ’ਚ ਤਿਨਸੁਕੀਆ ਜ਼ਿਲ੍ਹੇ ਦੇ ਬਾਗਜਨ ਨਾਮਕ ਤੇਲ ਦੇ ਖੂਹ ’ਚ ਲੱਗੀ ਭਿਆਨਕ ਅੱਗ ’ਚ ਆਇਲ ਇੰਡੀਆ ਲਿਮਟਡ (ਓਆਈਐੱਲ)
੍ਵਡਿਬਰੂਗੜ੍ਹ, 10 ਜੂਨ : ਅਸਾਮ ’ਚ ਤਿਨਸੁਕੀਆ ਜ਼ਿਲ੍ਹੇ ਦੇ ਬਾਗਜਨ ਨਾਮਕ ਤੇਲ ਦੇ ਖੂਹ ’ਚ ਲੱਗੀ ਭਿਆਨਕ ਅੱਗ ’ਚ ਆਇਲ ਇੰਡੀਆ ਲਿਮਟਡ (ਓਆਈਐੱਲ) ਦੇ ਫ਼ਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀਆਂ ਲਾਸ਼ਾਂ ਘਟਨਾ ਵਾਲੀ ਥਾਂ ਨੇੜਿਉਂ ਮਿਲੀਆਂ। ਇਹ ਤੇਲ ਦਾ ਖੂਹ ਪਿਛਲੇ 15 ਦਿਨਾਂ ਤੋਂ ਗੈਸ ਉਗਲ ਰਿਹਾ ਹੈ। ਅੱਗ ਨਾਲ ਆਸਪਾਸ ਦੇ ਜੰਗਲ, ਘਰ ਤੇ ਵਾਹਨ ਨੁਕਸਾਨੇ ਗਏ। ਇਸ ਤੋਂ ਗੁੱਸੇ ’ਚ ਆਏ ਸਥਾਨਕ ਲੋਕਾਂ ਨੇ ਓਆਈਐੱਲ ਮੁਲਾਜ਼ਮਾਂ ’ਤੇ ਹਮਲਾ ਕਰ ਦਿਤਾ ਜਿਸ ਨਾਲ ਇਲਾਕੇ ’ਚ ਤਣਾਅ ਦਾ ਮਾਹੌਲ ਸੀ।
ਆਇਲ ਇੰਡੀਆ ਲਿਮਟਡ ਦੇ ਬੁਲਾਰੇ ਹਜਾਰਿਕਾ ਨੇ ਦਸਿਆ ਕਿ ਖੂਹ ’ਚ ਅੱਗ ਲੱਗਣ ਤੋਂ ਬਾਅਦ ਫ਼ਾਇਰ ਬ੍ਰਿਗੇਡ ਦੇ ਦੋ ਮੁਲਾਜ਼ਮ ਦੁਰਲੋਵ ਗੋਗੋਈ ਤੇ ਕਿਸ਼ੇਵਰ ਗੋਹੇਨ ਲਾਪਤਾ ਹੋ ਗਏ ਸਨ, ਐਨਡੀਆਰਐਫ਼ ਦੀ ਟੀਮ ਨੇ ਬੁੱਧਵਾਰ ਸਵੇਰੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਬਰਾਮਦ ਕੀਤਾ। ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਲੱਗੇਗਾ। ਦੋਵੇਂ ਕੰਪਨੀ ਦੇ ਫ਼ਾਇਰ ਬ੍ਰਿਗੇਡ ਵਿਭਾਗ ’ਚ ਅਸਿਸਟੈਂਟ ਆਪ੍ਰੇਟਰ ਸਨ। ਗੋਗੋਈ ਮਸ਼ਹੂਰ ਫ਼ੁੱਟਬਾਲ ਖਿਡਾਰੀ ਵੀ ਸਨ ਤੇ ਅੰਡਰ-19 ਤੇ ਅੰਡਰ-21 ਵਰਗ ਦੇ ਕਈ ਕੌਮੀ ਟੂਰਨਾਮੈਂਟਾਂ ’ਚ ਉਨ੍ਹਾਂ ਅਸਾਮ ਦੀ ਨੁਮਾਇੰਦਗੀ ਕੀਤੀ ਸੀ। ਉਹ ਓਆਈਐਲ ਦੀ ਫ਼ੁੱਟਬਾਲ ਟੀਮ ’ਚ ਗੋਲਕੀਪਰ ਸਨ। (ਪੀਟੀਆਈ)