
ਮਾਮਲੇ ਦੀ ਅਗਲੀ ਸੁਣਵਾਈ 12 ਜੂਨ ਨੂੰ ਹੋਵੇਗੀ।
ਸਿੰਧੂ : ਪਾਕਿਸਤਾਨ ਵਿਚ ਹਿੰਦੂ ਕੁੜੀਆਂ ਦੇ ਜਬਰੀ ਧਰਮ ਪਰਿਵਰਤਨ ਦੀਆਂ ਖ਼ਬਰਾਂ ਹਰ ਰੋਜ਼ ਸੁਣਨ ਨੂੰ ਮਿਲਦੀਆਂ ਹਨ। ਹਾਲ ਹੀ 'ਚ ਸਿੰਧ ਸੂਬੇ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ 14 ਸਾਲਾ ਹਿੰਦੂ ਲੜਕੀ ਨੂੰ ਕਥਿਤ ਤੌਰ 'ਤੇ ਅਗਵਾ ਕਰ ਕੇ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਨਾਬਾਲਗ ਲੜਕੀ ਦਾ ਵਿਆਹ ਮੁਸਲਿਮ ਨੌਜੁਆਨ ਨਾਲ ਕਰ ਦਿਤਾ ਗਿਆ।
ਇਕ ਰਿਪੋਰਟ ਮੁਤਾਬਕ ਲਰਕਾਨਾ ਦੀ ਜ਼ਿਲ੍ਹਾ ਅਦਾਲਤ 'ਚ ਮਾਮਲੇ ਦੀ ਸੁਣਵਾਈ ਹੋਈ, ਜਿੱਥੇ ਸੁਣਵਾਈ ਦੌਰਾਨ ਜੱਜ ਨੇ ਹਿੰਦੂ ਲੜਕੀ ਨੂੰ ਉਸ ਦੇ ਮਾਤਾ-ਪਿਤਾ ਕੋਲ ਭੇਜਣ ਤੋਂ ਇਨਕਾਰ ਕਰ ਦਿਤਾ। ਖਬਰਾਂ ਮੁਤਾਬਕ ਨਾਬਾਲਗ ਲੜਕੀ ਆਪਣੇ ਮਾਤਾ-ਪਿਤਾ ਨਾਲ ਜਾਣਾ ਚਾਹੁੰਦੀ ਸੀ ਪਰ ਅਦਾਲਤ ਨੇ ਇਸ ਦੀ ਇਜਾਜ਼ਤ ਨਹੀਂ ਦਿਤੀ।
ਰਿਪੋਰਟ ਮੁਤਾਬਕ ਸੁਣਵਾਈ ਦੌਰਾਨ ਜੱਜ ਨੇ ਮੰਨਿਆ ਕਿ ਨਾਬਾਲਗ ਲੜਕੀ ਆਪਣਾ ਬਿਆਨ ਦਿੰਦੇ ਸਮੇਂ ਆਪਣੇ ਮਾਪਿਆਂ ਦੇ ਦਬਾਅ ਹੇਠ ਸੀ। ਅਜਿਹੇ 'ਚ ਲੜਕੀ ਨੂੰ ਉਨ੍ਹਾਂ ਨਾਲ ਨਹੀਂ ਭੇਜਿਆ ਜਾ ਸਕਦਾ। ਅਦਾਲਤ ਨੇ ਲੜਕੀ ਨੂੰ ਸ਼ੈਲਟਰ ਹੋਮ ਭੇਜ ਦਿਤਾ ਹੈ।
ਰਿਪੋਰਟ ਮੁਤਾਬਕ ਇਹ ਘਟਨਾ 2 ਜੂਨ ਦੀ ਹੈ, ਜਦੋਂ 14 ਸਾਲਾ ਸੋਹਾਨਾ ਸ਼ਰਮਾ ਕੁਮਾਰੀ ਨੂੰ ਉਸ ਦੀ ਮਾਂ ਦੇ ਸਾਹਮਣੇ ਘਰ ਤੋਂ ਬੰਦੂਕ ਦੀ ਨੋਕ 'ਤੇ ਅਗਵਾ ਕਰ ਲਿਆ ਗਿਆ ਸੀ। ਇਸ ਅਗਵਾ ਮਾਮਲੇ ’ਚ ਪੀੜਤਾਂ ਦਾ ਅਧਿਆਪਕਾ ਅਤੇ ਉਸ ਦੇ ਕੁਝ ਸਾਥੀ ਕਥਿਤ ਤੌਰ 'ਤੇ ਸ਼ਾਮਲ ਸਨ।
ਇਸ ਘਟਨਾ ਸਬੰਧੀ ਪੀੜਤਾ ਦੇ ਪਿਤਾ ਨੇ ਪੁਲਿਸ ਨੂੰ ਸ਼ਿਕਾਇਤ ਦਿਤੀ ਸੀ। ਲੜਕੀ ਨੂੰ ਅਗਵਾ ਕੀਤੇ ਜਾਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਈ, ਜਿਸ 'ਚ ਪੀੜਤ ਲੜਕੀ ਨੂੰ ਇਹ ਕਹਿੰਦੇ ਹੋਏ ਦੇਖਿਆ ਗਿਆ ਕਿ ਉਸ ਨੇ ਇਸਲਾਮ ਕਬੂਲ ਕਰ ਲਿਆ ਹੈ। ਇੰਨਾ ਹੀ ਨਹੀਂ ਵਾਇਰਲ ਵੀਡੀਓ 'ਚ ਪੀੜਤਾ ਨੇ ਕਿਹਾ ਸੀ ਕਿ ਉਸ ਨੇ ਇਕ ਮੁਸਲਿਮ ਨੌਜਵਾਨ ਨਾਲ ਵਿਆਹ ਕੀਤਾ ਸੀ।
ਇਸ ਵੀਡੀਓ ਤੋਂ ਬਾਅਦ ਪੀੜਤਾ ਦੇ ਮਾਪਿਆਂ ਦਾ ਦਾਅਵਾ ਹੈ ਕਿ ਸੋਹਾਨਾ ਨਾਬਾਲਗ ਹੈ। ਉਸ ਨੂੰ ਇਹ ਸਭ ਕਰਨ ਲਈ ਮਜਬੂਰ ਕੀਤਾ ਗਿਆ ਹੈ। ਇਸ ਮਾਮਲੇ ਨੇ ਸੋਸ਼ਲ ਮੀਡੀਆ 'ਤੇ ਤੂਲ ਫੜ ਲਿਆ, ਜਿਸ ਤੋਂ ਬਾਅਦ ਪੁਲਿਸ ਹਰਕਤ 'ਚ ਆ ਗਈ। ਪੁਲਿਸ ਨੇ ਜ਼ਿਲ੍ਹੇ ਦੇ ਇਕ ਘਰ 'ਚੋਂ ਬੱਚੀ ਨੂੰ ਅਗਵਾ ਕਰਨ ਤੋਂ ਪੰਜ ਦਿਨ ਬਾਅਦ ਬਰਾਮਦ ਕਰ ਲਿਆ।
ਪੀੜਤਾ ਨੂੰ ਸ਼ੁੱਕਰਵਾਰ ਨੂੰ ਲਰਕਾਨਾ ਦੀ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੇ ਆਪਣੇ ਬਿਆਨ 'ਚ ਦਸਿਆ ਕਿ ਉਸ ਨੂੰ ਅਗਵਾ ਕਰ ਲਿਆ ਗਿਆ ਸੀ, ਨਾਲ ਹੀ ਉਸ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਗਿਆ ਸੀ। ਮਾਮਲੇ ਦੀ ਅਗਲੀ ਸੁਣਵਾਈ 12 ਜੂਨ ਨੂੰ ਹੋਵੇਗੀ।