
ਹੁਣ ਹਥਿਆਰ ਅਤੇ ਸੰਦੇਸ਼ ਭਿਜਵਾਉਣ ਲਈ ਔਰਤਾਂ ਤੇ ਬੱਚਿਆਂ ਨੂੰ ਭਰਤੀ ਕਰਨ ’ਤੇ ਲੱਗੀ ਆਈ.ਐਸ.ਆਈ. : ਲੈਫ਼. ਜਨਰਲ ਔਜਲਾ
ਸ੍ਰੀਨਗਰ: ਕਸ਼ਮੀਰ ਵਾਦੀ ’ਚ ਅਤਿਵਾਦੀਆਂ ਵਲੋਂ ਸੰਚਾਰ ਦੇ ਰਵਾਇਤੀ ਸਾਧਨਾਂ ਦੇ ਪ੍ਰਯੋਗ ’ਚ ਕਮੀ ਆਉਣ ਵਿਚਕਾਰ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ.ਐਸ.ਆਈ. ਅਤੇ ਅਤਿਵਾਦੀ ਜਥੇਬੰਦੀਆਂ ਦੇ ਮੁਖੀਆਂ ਵਲੋਂ ਹਥਿਆਰ ਅਤੇ ਸੰਦੇਸ਼ ਲੈ ਕੇ ਜਾਣ ਲਈ ਔਰਤਾਂ ਤੇ ਬੱਚਿਆਂ ਨੂੰ ਸ਼ਾਮਲ ਕਰਨ ਦੀ ਇਕ ‘ਖ਼ਤਰਨਾਕ ਸਾਜ਼ਸ਼’ ਉਜਾਗਰ ਹੋਈ ਹੈ। ਫ਼ੌਜ ਦੇ ਇਕ ਸਿਖਰਲੇ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।
ਸ੍ਰੀਨਗਰ ਸਥਿਤ 15ਵੀਂ ਕੋਰ ਜਾਂ ਚਿਨਾਰ ਕੋਰ ਦੇ ਜਨਰਲ ਅਫ਼ਸਰ ਕਮਾਂਡਿੰਗ (ਜੀ.ਓ.ਸੀ.) ਲੈਫ਼ਟੀਨੈਂਟ ਜਨਰਲ ਅਮਰਦੀਪ ਸਿੰਘ ਔਜਲਾ ਨੇ ਕਿਹਾ ਕਿ ਸੁਰਖਿਆ ਬਲਾਂ ਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਕੰਟਰੋਲ ਰੇਖਾ (ਐਲ.ਓ.ਸੀ.) ਨੇੜੇ ਬੈਠੇ ਲੋਕ ਮੌਜੂਦਾ ਸ਼ਾਂਤਮਈ ਹਾਲਾਤ ਨੂੰ ਵਿਗਾੜਨ ਦੀ ਸਾਜ਼ਸ਼ ਰਚਣ ’ਚ ਲੱਗੇ ਹੋਏ ਹਨ।
ਲੈਫ਼ਟੀਨੈਂਟ ਜਨਰਲ ਔਜਲਾ ਨੇ ਕਿਹਾ, ‘‘ਅੱਜ ਦਾ ਖ਼ਤਰਾ, ਜਿਵੇਂ ਕਿ ਮੈਂ ਇਸ ਨੂੰ ਵੇਖਦਾ ਹਾਂ, ਸੰਦੇਸ਼, ਨਸ਼ੀਲੇ ਪਦਾਰਥ ਜਾਂ ਕਦੀ-ਕਦੀ ਹਥਿਆਰ ਲੈ ਕੇ ਜਾਣ ’ਚ ਔਰਤਾਂ, ਕੁੜੀਆਂ ਅਤੇ ਨਾਬਾਲਗਾਂ ਨੂੰ ਸ਼ਾਮਲ ਕਰਨਾ ਹੈ। ਹੁਣ ਤਕ ਫ਼ੌਜ ਨੇ ਕੁਝ ਮਾਮਲਿਆਂ ਦਾ ਪਤਾ ਲਾਇਆ ਹੈ ਜੋ ਇਕ ਉਭਰਦੀ ਹੋਈ ਬਿਰਤੀ ਨੂੰ ਉਜਾਗਰ ਕਰਦਾ ਹੈ।’’
ਉਨ੍ਹਾਂ ਕਿਹਾ, ‘‘ਇਹ ਅਪਣੇ ਆਪ ’ਚ ਇਕ ਖ਼ਤਰਨਾਕ ਬਿਰਤੀ ਹੈ ਜਿਸ ਨੂੰ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਇੰਟਰ-ਸਰਵੀਸਿਜ਼ ਇੰਟੈਲੀਜੈਂਸ (ਆਈ.ਐਸ.ਆਈ.) ਅਤੇ ਤੰਜੀਮ (ਅਤਿਵਾਦੀ ਜਥੇਬੰਦੀਆਂ) ਦੇ ਮੁਖੀਆਂ ਨੇ ਅਪਣਾਇਆ ਹੈ। ਅਸੀਂ ਹੋਰ ਏਜੰਸੀਆਂ ਨਾਲ ਮਿਲ ਕੇ ਇਸ ਨਾਲ ਨਜਿੱਠਣ ’ਤੇ ਕੰਮ ਕਰ ਰਹੇ ਹਾਂ।’’
ਇਹ ਪੁੱਛੇ ਜਾਣ ’ਤੇ ਕਿ ਕੀ ਇਸ ਦਾ ਮਤਲਬ ਹੈ ਕਿ ਅਤਿਵਾਦੀ ਸਮੂਹਾਂ ਨੇ ਮੋਬਾਈਲ ਸੰਚਾਰ ਦਾ ਪ੍ਰਯੋਗ ਕਰਨਾ ਬੰਦ ਕਰ ਦਿਤਾ ਹੈ, ਫ਼ੌਜੀ ਅਧਿਕਾਰੀ ਨੇ ਕਿਹਾ ਕਿ ਤਕਨੀਕੀ ਖੁਫ਼ੀਆ ਪੱਧਰ ’ਤੇ ਸਬੂਤ ਕਾਫ਼ੀ ਘੱਟ ਹੋ ਗਏ ਹਨ। ਨਾਲ ਹੀ ਅਤਿਵਾਦੀਆਂ ਦੇ ਸੰਦੇਸ਼ ਲੈ ਕੇ ਜਾਣ ਲਈ ਕੰਮ ਕਰ ਚੁੱਕੇ ਕਈ ਲੋਕਾਂ ਨੂੰ ਫੜਿਆ ਜਾ ਚੁਕਾ ਹੈ।
ਫ਼ੌਜੀ ਅਧਿਕਾਰੀ ਨੇ ਕਿਹਾ, ‘‘ਇਸ ਲਈ ਹੁਣ ਔਰਤਾਂ, ਕੁੜੀਆਂ ਅਤੇ ਬੱਚਿਆਂ ਨੂੰ ਮੁੱਖ ਰੂਪ ’ਚ ਸੰਦੇਸ਼ ਲੈ ਕੇ ਜਾਣ ਦੇ ਬਦਲ ਵਜੋਂ ਸ਼ਾਮਲ ਕੀਤਾ ਗਿਆ ਹੈ।’’