ਇਸ ਦੌਰਾਨ ਉਨ੍ਹਾਂ ਨੇ ਵਿਦੇਸ਼ ਨੀਤੀ ਦੇ ਮੋਰਚੇ 'ਤੇ ਸਰਕਾਰ ਦੀਆਂ ਯੋਜਨਾਵਾਂ ਬਾਰੇ ਗੱਲ ਕੀਤੀ।
S Jaishankar News: ਰਾਜਦੂਤ ਤੋਂ ਸਿਆਸਤਦਾਨ ਬਣੇ ਐੱਸ. ਜੈਸ਼ੰਕਰ ਨੇ ਮੰਗਲਵਾਰ ਨੂੰ ਲਗਾਤਾਰ ਦੂਜੀ ਵਾਰ ਵਿਦੇਸ਼ ਮੰਤਰੀ ਦਾ ਅਹੁਦਾ ਸੰਭਾਲ ਲਿਆ ਹੈ। ਜੈਸ਼ੰਕਰ (69) ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਨ੍ਹਾਂ ਸੀਨੀਅਰ ਆਗੂਆਂ 'ਚੋਂ ਹਨ, ਜਿਨ੍ਹਾਂ ਨੂੰ ਪਿਛਲੀ ਸਰਕਾਰ 'ਚ ਸੰਭਾਲੇ ਗਏ ਮੰਤਰਾਲਿਆਂ ਦੀ ਹੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਇਸ ਦੌਰਾਨ ਉਨ੍ਹਾਂ ਨੇ ਵਿਦੇਸ਼ ਨੀਤੀ ਦੇ ਮੋਰਚੇ 'ਤੇ ਸਰਕਾਰ ਦੀਆਂ ਯੋਜਨਾਵਾਂ ਬਾਰੇ ਗੱਲ ਕੀਤੀ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ, 'ਅੱਜ ਦੁਨੀਆ 'ਚ ਬਹੁਤ ਉਥਲ-ਪੁਥਲ ਹੈ, ਦੁਨੀਆ ਖੇਮਿਆਂ 'ਚ ਵੰਡੀ ਹੋਈ ਹੈ ਅਤੇ ਤਣਾਅ ਅਤੇ ਟਕਰਾਅ ਵੀ ਵਧ ਰਹੇ ਹਨ। ਅਜਿਹੇ ਸਮੇਂ ਵਿਚ, ਭਾਰਤ ਦੀ ਪਛਾਣ ਇਕ ਅਜਿਹੇ ਦੇਸ਼ ਦੀ ਹੈ ਜਿਸ 'ਤੇ ਭਰੋਸਾ ਕੀਤਾ ਜਾ ਸਕਦਾ ਹੈ, ਜਿਸ ਦੀ ਸਾਖ ਅਤੇ ਪ੍ਰਭਾਵ ਹੈ’।
ਅਗਲੇ ਪੰਜ ਸਾਲਾਂ ਵਿਚ ਚੀਨ ਅਤੇ ਪਾਕਿਸਤਾਨ ਨਾਲ ਸਬੰਧਾਂ ਦੇ ਸਵਾਲ 'ਤੇ ਐੱਸ. ਜੈਸ਼ੰਕਰ ਨੇ ਕਿਹਾ ਕਿ 'ਕਿਸੇ ਵੀ ਦੇਸ਼ ਵਿਚ ਕਿਸੇ ਵੀ ਸਰਕਾਰ, ਖਾਸ ਕਰਕੇ ਲੋਕਤੰਤਰ ਲਈ ਲਗਾਤਾਰ ਤੀਜੀ ਵਾਰ ਚੁਣਿਆ ਜਾਣਾ ਵੱਡੀ ਗੱਲ ਹੈ। ਇਸ ਨਾਲ ਦੁਨੀਆ ਨੂੰ ਪਤਾ ਲੱਗੇਗਾ ਕਿ ਭਾਰਤ 'ਚ ਸਿਆਸੀ ਸਥਿਰਤਾ ਹੈ... ਜਿਥੋਂ ਤਕ ਪਾਕਿਸਤਾਨ ਅਤੇ ਚੀਨ ਦਾ ਸਵਾਲ ਹੈ, ਦੋਵਾਂ ਦੇਸ਼ਾਂ ਦੇ ਸਬੰਧ ਵੱਖ-ਵੱਖ ਹਨ ਤਾਂ ਸਮੱਸਿਆਵਾਂ ਵੀ ਵੱਖਰੀਆਂ ਹੋਣਗੀਆਂ। ਸਾਡੀ ਕੋਸ਼ਿਸ਼ ਚੀਨ ਨਾਲ ਸਰਹੱਦੀ ਵਿਵਾਦ ਦਾ ਹੱਲ ਲੱਭਣ ਦੀ ਹੈ ਅਤੇ ਪਾਕਿਸਤਾਨ ਨਾਲ ਅਸੀਂ ਸਰਹੱਦ ਪਾਰ ਅਤਿਵਾਦ ਦੇ ਮੁੱਦੇ ਦਾ ਹੱਲ ਲੱਭਣਾ ਚਾਹੁੰਦੇ ਹਾਂ’।
ਵਿਦੇਸ਼ ਮੰਤਰੀ ਨੇ ਕਿਹਾ, 'ਮੇਰੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਮੈਨੂੰ ਇਕ ਵਾਰ ਫਿਰ ਵਿਦੇਸ਼ ਮੰਤਰਾਲੇ ਦੀ ਅਗਵਾਈ ਕਰਨ ਦਾ ਮੌਕਾ ਮਿਲਿਆ ਹੈ। ਵਿਦੇਸ਼ ਮੰਤਰਾਲੇ ਨੇ ਪਿਛਲੇ ਕਾਰਜਕਾਲ ਵਿਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਅਸੀਂ G20 ਦੀ ਸਫਲਤਾਪੂਰਵਕ ਪ੍ਰਧਾਨਗੀ ਕੀਤੀ। ਕੋਰੋਨਾ ਦੀ ਚੁਣੌਤੀ ਦਾ ਸਫਲਤਾਪੂਰਵਕ ਸਾਹਮਣਾ ਕੀਤਾ। ਵੈਕਸੀਨ ਮੈਤਰੀ ਤਹਿਤ ਵੀ ਵੈਕਸੀਨ ਦੀ ਸਪਲਾਈ ਕੀਤੀ ਗਈ। ਆਪਰੇਸ਼ਨ ਗੰਗਾ ਅਤੇ ਆਪ੍ਰੇਸ਼ਨ ਕਾਵੇਰੀ ਵਰਗੇ ਕਈ ਮਹੱਤਵਪੂਰਨ ਆਪਰੇਸ਼ਨ ਵੀ ਕੀਤੇ ਗਏ। ਪਿਛਲੇ ਦਹਾਕੇ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਵਿਦੇਸ਼ ਮੰਤਰਾਲਾ ਲੋਕ ਆਧਾਰਿਤ ਬਣ ਗਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਸਾਡੀਆਂ ਪਾਸਪੋਰਟ ਸੇਵਾਵਾਂ ਵਿਚ ਸੁਧਾਰ ਹੋਇਆ ਹੈ। ਅਸੀਂ ਭਾਈਚਾਰੇ ਅਤੇ ਵਿਦੇਸ਼ਾਂ ਵਿਚ ਰਹਿੰਦੇ ਭਾਰਤੀਆਂ ਦੀ ਭਲਾਈ ਲਈ ਵੀ ਕੰਮ ਕੀਤਾ ਹੈ’।
ਭਾਰਤ ਲੰਬੇ ਸਮੇਂ ਤੋਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਸ਼ਾਮਲ ਕਰਨ ਦੀ ਮੰਗ ਕਰ ਰਿਹਾ ਹੈ। ਜਦੋਂ ਵਿਦੇਸ਼ ਮੰਤਰੀ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, 'ਮੈਨੂੰ ਪੂਰਾ ਭਰੋਸਾ ਹੈ ਕਿ ਪੀਐਮ ਮੋਦੀ ਦੀ ਅਗਵਾਈ ਵਿਚ ਵਿਦੇਸ਼ ਨੀਤੀ ਬਹੁਤ ਸਫਲ ਹੋਵੇਗੀ। ਸਾਡੇ ਲਈ ਭਾਰਤ ਦਾ ਪ੍ਰਭਾਵ ਲਗਾਤਾਰ ਵਧ ਰਿਹਾ ਹੈ। ਦੁਨੀਆ ਦੇ ਦੇਸ਼ਾਂ ਨੂੰ ਲੱਗਦਾ ਹੈ ਕਿ ਭਾਰਤ ਉਨ੍ਹਾਂ ਦਾ ਦੋਸਤ ਹੈ ਅਤੇ ਉਹ ਔਖੇ ਸਮੇਂ ਸਾਡੇ ਵੱਲ ਦੇਖਦੇ ਹਨ। ਆਲਮੀ ਦੱਖਣ ਵਿਚ ਜੇਕਰ ਕੋਈ ਦੇਸ਼ ਉਨ੍ਹਾਂ ਲਈ ਖੜ੍ਹਾ ਹੈ, ਤਾਂ ਉਹ ਭਾਰਤ ਹੈ। ਜੀ-20 ਦੀ ਸਾਡੀ ਪ੍ਰਧਾਨਗੀ ਦੌਰਾਨ, ਸਾਨੂੰ ਜੀ-20 ਦੀ ਅਫਰੀਕਨ ਯੂਨੀਅਨ ਦੀ ਮੈਂਬਰਸ਼ਿਪ ਮਿਲੀ। ਜਿਵੇਂ-ਜਿਵੇਂ ਦੁਨੀਆ ਦਾ ਸਾਡੇ 'ਤੇ ਭਰੋਸਾ ਵਧ ਰਿਹਾ ਹੈ, ਸਾਡੀ ਜ਼ਿੰਮੇਵਾਰੀ ਵੀ ਵਧ ਰਹੀ ਹੈ। ਸਾਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਭਾਰਤ ਦੀ ਪਛਾਣ ਯਕੀਨੀ ਤੌਰ 'ਤੇ ਵਧੇਗੀ’।
(For more Punjabi news apart from S Jaishankar assumes charge as India`s EAM, stay tuned to Rozana Spokesman)