
ਵਿਦੇਸ਼ ਮੰਤਰੀ ਨੇ ਅੱਗੇ ਕਿਹਾ ਕਿ ਵੱਖਵਾਦੀ ਤੱਤ ਲਗਾਤਾਰ ਭਾਰਤ ਵਿਰੋਧੀ ਗਤੀਵਿਧੀਆਂ ਵਿਚ ਲੱਗੇ ਹੋਏ ਹਨ।
India-Canada Row: ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ ਵਾਰ ਫਿਰ ਕੈਨੇਡਾ 'ਤੇ ਨਿਸ਼ਾਨਾ ਸਾਧਿਆ ਹੈ। ਮਹਾਰਾਸ਼ਟਰ ਦੇ ਨਾਸਿਕ ਵਿਚ ਆਯੋਜਿਤ 'ਵਿਸ਼ਵਬੰਧੂ ਭਾਰਤ' ਪ੍ਰੋਗਰਾਮ ਵਿਚ ਅਪਣੇ ਸੰਬੋਧਨ ਵਿਚ ਵਿਦੇਸ਼ ਮੰਤਰੀ ਨੇ ਕਿਹਾ, 'ਪ੍ਰਗਟਾਵੇ ਦੀ ਆਜ਼ਾਦੀ ਹਿੰਸਾ ਦੀ ਵਕਾਲਤ ਕਰਨ ਦੀ ਆਜ਼ਾਦੀ ਨਹੀਂ ਹੋ ਸਕਦੀ, ਪ੍ਰਗਟਾਵੇ ਦੀ ਆਜ਼ਾਦੀ ਕਿਸੇ ਵੀ ਦੇਸ਼ ਵਿਚ ਵੱਖਵਾਦ ਅਤੇ ਅਤਿਵਾਦ ਦਾ ਸਮਰਥਨ ਕਰਨ ਦੀ ਆਜ਼ਾਦੀ ਨਹੀਂ ਹੋ ਸਕਦੀ। ਵੱਖਵਾਦੀਆਂ ਦਾ ਇਕ ਸਮੂਹ ਸਾਲਾਂ ਤੋਂ ਕੈਨੇਡਾ ਦੇ ਆਜ਼ਾਦੀ ਕਾਨੂੰਨਾਂ ਦੀ ਦੁਰਵਰਤੋਂ ਕਰ ਰਿਹਾ ਹੈ ਪਰ ਕੈਨੇਡੀਅਨ ਸਰਕਾਰ ਵੋਟ ਬੈਂਕ ਕਾਰਨ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ’।
ਵਿਦੇਸ਼ ਮੰਤਰੀ ਨੇ ਅੱਗੇ ਕਿਹਾ ਕਿ ਵੱਖਵਾਦੀ ਤੱਤ ਲਗਾਤਾਰ ਭਾਰਤ ਵਿਰੋਧੀ ਗਤੀਵਿਧੀਆਂ ਵਿਚ ਲੱਗੇ ਹੋਏ ਹਨ। ਕੈਨੇਡਾ ਸਰਕਾਰ ਨੂੰ ਕਈ ਮੌਕਿਆਂ 'ਤੇ ਕਿਹਾ ਗਿਆ ਹੈ ਕਿ ਕਾਨੂੰਨ ਦੇ ਸ਼ਾਸਨ ਦਾ ਸਨਮਾਨ ਕਰਨ ਵਾਲੇ ਲੋਕਤੰਤਰੀ ਦੇਸ਼ਾਂ ਨੂੰ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ 'ਤੇ ਕੱਟੜਪੰਥੀ ਤੱਤਾਂ ਨੂੰ ਖੁੱਲ੍ਹ ਨਹੀਂ ਦੇਣੀ ਚਾਹੀਦੀ। ਉਨ੍ਹਾਂ ਕਿਹਾ, ‘ਇਨ੍ਹਾਂ ਲੋਕਾਂ ਦੀਆਂ ਗਤੀਵਿਧੀਆਂ ਕਾਰਨ ਅੱਜ ਦੋਵਾਂ ਦੇਸ਼ਾਂ ਦੇ ਰਿਸ਼ਤੇ ਵਿਗੜ ਗਏ ਹਨ। ਉਹ ਕੈਨੇਡਾ ਵਿਚ ਤਾਇਨਾਤ ਸਾਡੇ ਰਾਜਦੂਤ ਅਤੇ ਡਿਪਲੋਮੈਟਾਂ ਨੂੰ ਵੀ ਧਮਕੀਆਂ ਦੇ ਰਹੇ ਹਨ। ਭਾਰਤ ਖਿਲਾਫ ਅਤਿਵਾਦੀ ਗਤੀਵਿਧੀਆਂ ਦਾ ਸਮਰਥਨ ਕਰਨ ਵਾਲੇ ਲੋਕਾਂ ਨੂੰ ਕੈਨੇਡਾ 'ਚ ਸ਼ਰਣ ਦਿਤੀ ਗਈ ਹੈ, ਉਥੋਂ ਦੀ ਸਰਕਾਰ ਨੂੰ ਸਥਿਤੀ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ’।
ਇਸ ਮਹੀਨੇ ਦੇ ਸ਼ੁਰੂ ਵਿਚ, ਭਾਰਤ ਨੇ ਕੈਨੇਡਾ ਦੇ ਮਾਲਟਨ ਵਿਚ ਆਯੋਜਿਤ 'ਨਗਰ ਕੀਰਤਨ' ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ਨਾਅਰੇ ਲਗਾਉਣ ਅਤੇ ਇਤਰਾਜ਼ਯੋਗ ਪੋਸਟਰ ਪ੍ਰਦਰਸ਼ਿਤ ਕਰਨ ਵਾਲੇ ਤੱਤਾਂ 'ਤੇ ਸਖਤ ਪ੍ਰਤੀਕਿਰਿਆ ਦਿਤੀ ਸੀ। ਟਰੂਡੋ ਸਰਕਾਰ ਨੂੰ ਦੇਸ਼ ਵਿਚ ਅਪਰਾਧਿਕ ਅਤੇ ਵੱਖਵਾਦੀ ਤੱਤਾਂ ਨੂੰ ਪਨਾਹ ਦੇਣ ਤੋਂ ਰੋਕਣ ਦੀ ਅਪੀਲ ਕਰਦਿਆਂ ਵਿਦੇਸ਼ ਮੰਤਰੀ ਨੇ ਕਿਹਾ ਕਿ ਕਿਸੇ ਵੀ ਸੱਭਿਅਕ ਸਮਾਜ ਵਿਚ ਹਿੰਸਾ ਦੀ ਵਡਿਆਈ ਨਹੀਂ ਹੋਣੀ ਚਾਹੀਦੀ।
ਉਨ੍ਹਾਂ ਕਿਹਾ ਕਿ ਅਸੀਂ ਕਈ ਵਾਰ ਕੈਨੇਡੀਅਨ ਸਰਕਾਰ ਕੋਲ ਅਪਣੀ ਚਿੰਤਾ ਜ਼ਾਹਰ ਕਰ ਚੁੱਕੇ ਹਾਂ। ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਵਿਗੜਨ ਨਾਲ ਕੈਨੇਡਾ ਦਾ ਬਹੁਤ ਨੁਕਸਾਨ ਹੋਵੇਗਾ। ਕੈਨੇਡਾ ਵਿਚ ਪਨਾਹ ਲੈਣ ਵਾਲੇ ਵੱਖਵਾਦੀ ਆਖਰਕਾਰ ਕੈਨੇਡਾ ਨੂੰ ਵੀ ਨੁਕਸਾਨ ਪਹੁੰਚਾਉਣਗੇ। ਉਥੋਂ ਦੀ ਸਰਕਾਰ ਨੂੰ ਇਹ ਸਮਝਣਾ ਹੋਵੇਗਾ।
(For more Punjabi news apart from 'Freedom of speech cannot be freedom to advocate violence & terrorism': Jaishankar, stay tuned to Rozana Spokesman)