
ਪਾਕਿਸਤਾਨੀ ਫ਼ੌਜ ਨੇ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਲਾਗੇ ਸ਼ੁਕਰਵਾਰ ਨੂੰ ਗੋਲੀਬੰਦੀ ਦੀ ਉਲੰਘਣਾ ਕੀਤੀ
ਜੰਮੂ, 10 ਜੁਲਾਈ : ਪਾਕਿਸਤਾਨੀ ਫ਼ੌਜ ਨੇ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਲਾਗੇ ਸ਼ੁਕਰਵਾਰ ਨੂੰ ਗੋਲੀਬੰਦੀ ਦੀ ਉਲੰਘਣਾ ਕੀਤੀ ਜਿਸ ਵਿਚ ਭਾਰਤੀ ਫ਼ੌਜ ਦਾ ਜਵਾਨ ਸ਼ਹੀਦ ਹੋ ਗਿਆ। ਅਧਿਕਾਰੀਆਂ ਨੇ ਦਸਿਆ ਕਿ ਪਾਕਿਸਤਾਨੀ ਫ਼ੌਜੀਆਂ ਨੇ ਨੌਸ਼ੇਰਾ ਸੈਕਟਰ ਵਿਚ ਕੰਟਰੋਲ ਰੇਖਾ ਲਾਗੇ ਅਗਲੀਆਂ ਚੌਕੀਆਂ ’ਤੇ ਗੋਲੀਬਾਰੀ ਕੀਤੀ ਅਤੇ ਗੋਲੇ ਸੁੱਟੇ। ਉਨ੍ਹਾਂ ਦਸਿਆ ਕਿ ਹਮਲੇ ਵਿਚ ਹਵਲਦਾਰ ਸਾਬੁਰ ਗੁਰੰਗ (38) ਜ਼ਖ਼ਮੀ ਹੋ ਗਿਆ ਜਿਸ ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿਤਾ। ਅਧਿਕਾਰੀਆਂ ਨੇ ਦਸਿਆ ਕਿ ਸਰਹੱਦ ’ਤੇ ਤੈਨਾਤ ਭਾਰਤੀ ਫ਼ੌਜੀਆਂ ਨੇ ਵੀ ਇਸ ਦਾ ਮੂੰਹਤੋੜ ਜਵਾਬ ਦਿਤਾ।
File Photo
ਰਖਿਆ ਬੁਲਾਰੇ ਨੇ ਦਸਿਆ, ‘ਹਵਲਵਾਰ ਗੁਰੰਗ ਬਹਾਦਰ ਅਤੇ ਈਮਾਨਦਾਰ ਫ਼ੌਜੀ ਸੀ। ਦੇਸ਼ ਹਮੇਸ਼ਾ ਉਸ ਦਾ ਅਹਿਸਾਨਮੰਦ ਰਹੇਗਾ।’ ਪਾਕਿਸਤਾਨ ਨੇ ਲਗਾਤਾਰ ਤੀਜੇ ਦਨਿ ਗੋਲੀਬੰਦੀ ਦੀ ਉਲੰਘਣਾ ਕੀਤੀ। ਪਾਕਿਸਤਾਨੀ ਫ਼ੌਜੀ ਪੁੰਛ ਜ਼ਿਲ੍ਹੇ ਵਿਚ ਪਿਛਲੇ ਦੋ ਦਿਨਾਂ ਤੋਂ ਕਈ ਸੈਕਟਰਾਂ ਵਿਚ ਅਗਲੇ ਇਲਾਕਿਆਂ ਅਤੇ ਪਿੰਡਾਂ ਵਿਚ ਭਾਰੀ ਗੋਲੀਬਾਰੀ ਕਰ ਰਹੇ ਹਨ। (ਏਜੰਸੀ)