
ਦੁਨੀਆ ਵਿਚ ਫੈਲੀ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਣ ਲਈ ਲੋਕ ਹਰ ਥਾਂ ਮਾਸਕ ਲਗਾਉਣ ਲਈ ਮਜਬੂਰ ਹੋ ਗਏ ਹਨ।
ਨਵੀਂ ਦਿੱਲੀ: ਦੁਨੀਆ ਵਿਚ ਫੈਲੀ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਣ ਲਈ ਲੋਕ ਹਰ ਥਾਂ ਮਾਸਕ ਲਗਾਉਣ ਲਈ ਮਜਬੂਰ ਹੋ ਗਏ ਹਨ। ਇੱਥੋਂ ਤੱਕ ਕਿ ਵਿਆਹ ਦੌਰਾਨ ਲਾੜਾ-ਲਾੜੀ ਲਈ ਵੀ ਮਾਸਕ ਲਗਾਉਣਾ ਲਾਜ਼ਮੀ ਹੈ। ਇਹਨਾਂ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਭਾਰੀ ਜ਼ੁਰਮਾਨਾ ਵੀ ਲਗਾਇਆ ਜਾ ਰਿਹਾ ਹੈ।
Diamond Mask
ਗਾਹਕਾਂ ਦੀ ਮੰਗ ਨੂੰ ਦੇਖਦੇ ਹੋਏ ਮਾਰਕਿਟ ਵਿਚ ਡਿਜ਼ਾਇਨਰ ਮਾਸਕ ਵੀ ਆ ਗਏ ਹਨ। ਵਿਆਹ ਜਾਂ ਕਿਸੇ ਹੋਰ ਸਮਾਰੋਹ ਨੂੰ ਧਿਆਨ ਵਿਚ ਰੱਖਦੇ ਹੋਏ ਲੋਕ ਵੱਖ-ਵੱਖ ਡਿਜ਼ਾਇਨਾਂ ਦੇ ਮਾਸਕ ਬਣਵਾ ਰਹੇ ਹਨ। ਗੁਜਰਾਤ ਦੇ ਸੂਰਤ ਵਿਚ ਇਕ ਸੁਨਿਆਰ ਦੀ ਦੁਕਾਨ ਵਿਚ ਹੀਰਿਆਂ ਨਾਲ ਜੜੇ ਮਾਸਕ ਬਣਾਏ ਗਏ ਹਨ, ਜਿਨ੍ਹਾਂ ਦੀ ਕੀਮਤ 1.5 ਲੱਖ ਤੋਂ 4 ਲੱਖ ਵਿਚਕਾਰ ਹੈ।
Tweet
ਦੁਕਾਨ ਦੇ ਮਾਲਕ ਦੀਪਕ ਚੌਕਸੀ ਦਾ ਕਹਿਣਾ ਹੈ ਕਿ, ਲੌਕਡਾਊਨ ਹਟਣ ਤੋਂ ਬਾਅਦ ਇਕ ਗਾਹਕ ਉਹਨਾਂ ਦੀ ਦੁਕਾਨ ਵਿਚ ਆਇਆ ਅਤੇ ਉਸ ਨੇ ਲਾੜਾ-ਲਾੜੀ ਲਈ ਵੱਖਰੇ ਮਾਸਕ ਦੀ ਮੰਗ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਅਪਣੇ ਡਿਜ਼ਾਇਨਰ ਨੂੰ ਮਾਸਕ ਬਣਾਉਣ ਲਈ ਕਿਹਾ। ਇਸ ਤੋਂ ਬਾਅਦ ਅਜਿਹੇ ਮਾਸਕ ਭਾਰੀ ਗਿਣਤੀ ਵਿਚ ਤਿਆਰ ਕਰਵਾਏ ਗਏ ਕਿਉਂਕਿ ਆਉਣ ਵਾਲੇ ਦਿਨਾਂ ਵਿਚ ਤਿਉਹਾਰਾਂ ਦੇ ਚਲਦਿਆਂ ਇਸ ਤਰ੍ਹਾਂ ਦੇ ਮਾਸਕ ਦੀ ਲੋਕਾਂ ਵਿਚ ਭਾਰੀ ਮੰਗ ਹੋਵੇਗੀ।
Diamond Mask
ਇਸ ਮਾਸਕ ਨੂੰ ਬਣਾਉਣ ਲਈ ਸੋਨੇ ਦੇ ਨਾਲ ਸ਼ੁੱਧ ਹੀਰੇ ਅਤੇ ਅਮਰੀਕੀ ਹੀਰੇ ਦੀ ਵਰਤੋਂ ਕੀਤੀ ਗਈ ਹੈ। ਉਹਨਾਂ ਨੇ ਦੱਸਿਆ, ‘ਅਮਰੀਕੀ ਹੀਰੇ ਦੇ ਨਾਲ ਮਾਸਕ ਵਿਚ ਪੀਲੇ ਸੋਨੇ ਦੀ ਵਰਤੋਂ ਕੀਤੀ ਗਈ ਹੈ ਅਤੇ ਇਸ ਦੀ ਕੀਮਤ 1.5 ਲੱਖ ਹੈ। ਇਕ ਹੋਰ ਮਾਸਕ ਜੋ ਸਫੇਦ ਸੋਨੇ ਅਤੇ ਅਸਲੀ ਹੀਰੇ ਦੇ ਨਾਲ ਬਣਾਇਆ ਗਿਆ ਹੈ ਅਤੇ ਇਸ ਦੀ ਕੀਮਤ 4 ਲੱਖ ਰੁਪਏ ਹੈ’।
Diamond Mask
ਸੂਰਤ ਜਵੈਲਰੀ ਐਸੋਸੀਏਸ਼ਨ ਦੇ ਸਕੱਤਰ ਵਿਜੈ ਮੰਗੁਕੀਆ ਨੇ ਕਿਹਾ, ‘ਸੂਰਤ ਵਿਚ ਸੁਨਿਆਰਾਂ ਦਾ ਕਹਿਣਾ ਹੈ ਕਿ ਕੋਰੋਨਾ ਸੰਕਰਮਣ ਦੇ ਚਲਦਿਆਂ ਲੱਗੇ ਲੌਕਡਾਊਨ ਕਾਰਨ ਸੋਨੇ ਦੀ ਮੰਗ ਵਿਚ ਕਮੀ ਆਈ ਹੈ ਅਤੇ ਸੋਨੇ ਦੇ ਕਾਰੀਗਰ ਵੀ ਅਪਣੇ ਮੂਲ ਸਥਾਨਾਂ ‘ਤੇ ਪਰਤ ਗਏ ਹਨ। ਇਹਨਾਂ ਵਿਚੋਂ ਜ਼ਿਆਦਾਤਰ ਪੱਛਮੀ ਬੰਗਾਲ ਦੇ ਹਨ। ਵਿਆਹਾਂ ਦੇ ਸੀਜ਼ਨ ਵਿਚ ਜ਼ਿਆਦਾਤਰ ਸਮੇਂ ਦੁਕਾਨਾਂ ਬੰਦ ਰਹੀਆਂ, ਜਿਸ ਕਾਰਨ ਵਪਾਰ ਵਿਚ ਕਾਫੀ ਨੁਕਸਾਨ ਹੋਇਆ ਹੈ।
Diamond Mask
ਦੁਕਾਨ ਦੇ ਮਾਲਕ ਨੇ ਕਿਹਾ ਕਿ ਇਸ ਮਾਸਕ ਦਾ ਕੱਪੜਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੈ। ਮਾਸਕ ਵਿਚ ਲੱਗੇ ਹੀਰੇ ਅਤੇ ਸੋਨੇ ਨੂੰ ਕੱਢਿਆ ਵੀ ਜਾ ਸਕਦਾ ਹੈ। ਇਸ ਤੋਂ ਇਲਾਵਾ ਲੋਕ ਅਪਣੇ ਕੱਪੜਿਆਂ ਨਾਲ ਮੈਚਿੰਗ ਮਾਸਕ ਵੀ ਤਿਆਰ ਕਰਵਾ ਰਹੇ ਹਨ। ਬੀਤੇ ਦਿਨੀਂ ਪੁਣੇ ਜ਼ਿਲ੍ਹੇ ਦੇ ਇਕ ਵਿਅਕਤੀ ਨੇ 2.89 ਲੱਖ ਦੇ ਸੋਨੇ ਦਾ ਬਣਿਆ ਇਕ ਮਾਸਕ ਖਰੀਦਿਆ ਸੀ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵੀ ਕਾਫੀ ਚਰਚਾ ਹੋਈ ਸੀ।