
ਡਾਕਟਰ ਨੂੰ ਪਹਿਲਾਂ 28,807 ਰੁਪਏ ਅਤੇ ਬਾਅਦ 'ਚ ਕੁੱਲ 1.40 ਲੱਖ ਰੁਪਏ ਦਾ ਨੁਕਸਾਨ ਹੋਇਆ
ਮੁੰਬਈ - ਮੁੰਬਈ ਵਿਚ ਇੱਕ ਡਾਕਟਰ ਨੂੰ ਸਮੋਸੇ ਖਾਣੇ ਮਹਿੰਗੇ ਪੈ ਗਏ। ਡਾਕਟਰ ਨੂੰ ਸਮੋਸਾ ਇੰਨਾ ਮਹਿੰਗਾ ਪਿਆ ਕਿ ਇਸ ਦੀ ਬਜਾਏ ਉਸ ਨੂੰ ਡੇਢ ਲੱਖ ਰੁਪਏ ਦੇਣੇ ਪਏ। ਡਾਕਟਰ ਨੇ ਇਕ ਰੈਸਟੋਰੈਂਟ ਤੋਂ 25 ਪਲੇਟਾਂ ਸਮੋਸੇ ਮੰਗਵਾਏ ਸਨ, ਜਿਸ ਤੋਂ ਬਾਅਦ ਉਸ ਨਾਲ 1.40 ਲੱਖ ਰੁਪਏ ਦੀ ਠੱਗੀ ਮਾਰੀ ਗਈ। ਜਾਣਕਾਰੀ ਮੁਤਾਬਕ ਮੁੰਬਈ ਦੇ ਮਿਊਂਸੀਪਲ ਕਾਰਪੋਰੇਸ਼ਨ ਦੁਆਰਾ ਚਲਾਏ ਜਾ ਰਹੇ ਕੇਈਐਮ ਹਸਪਤਾਲ ਦੇ 27 ਸਾਲਾ ਡਾਕਟਰ ਨੇ ਆਪਣੇ ਪਸੰਦੀਦਾ ਰੈਸਟੋਰੈਂਟ ਤੋਂ 25 ਪਲੇਟਾਂ ਸਮੋਸੇ ਆਨਲਾਈਨ ਆਰਡਰ ਕੀਤੇ ਸਨ, ਪਰ ਆਰਡਰ ਕਰਨ ਤੋਂ ਬਾਅਦ ਉਸ ਦੇ ਖਾਤੇ ਤੋਂ 1.40 ਲੱਖ ਰੁਪਏ ਗਾਇਬ ਹੋ ਗਏ। ਪੁਲਿਸ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਸਵੇਰੇ 8.30 ਤੋਂ 10.30 ਵਜੇ ਦੇ ਵਿਚਕਾਰ ਵਾਪਰੀ। ਉਨ੍ਹਾਂ ਦੱਸਿਆ ਕਿ ਪੀੜਤ ਅਤੇ ਉਸ ਦੇ ਸਾਥੀਆਂ ਨੇ ਕਰਜਤ ਵਿਚ ਪਿਕਨਿਕ ਮਨਾਉਣ ਦੀ ਯੋਜਨਾ ਬਣਾਈ ਸੀ, ਜਿਸ ਲਈ ਉਨ੍ਹਾਂ ਨੇ ਸਮੋਸੇ ਮੰਗਵਾਏ ਸਨ। ਡਾਕਟਰ ਨੇ ਰੈਸਟੋਰੈਂਟ ਦਾ ਨੰਬਰ ਆਨਲਾਈਨ ਲੱਭਣ ਤੋਂ ਬਾਅਦ ਆਰਡਰ ਦਿੱਤਾ ਸੀ।
ਪੁਲਿਸ ਨੇ ਦੱਸਿਆ ਕਿ ਜਦੋਂ ਡਾਕਟਰ ਨੇ ਉਸ ਨੰਬਰ 'ਤੇ ਕਾਲ ਕੀਤੀ ਤਾਂ ਜਵਾਬ ਦੇਣ ਵਾਲੇ ਨੇ ਉਸ ਨੂੰ 1500 ਰੁਪਏ ਐਡਵਾਂਸ ਦੇਣ ਲਈ ਕਿਹਾ। ਫਿਰ ਡਾਕਟਰ ਨੂੰ ਇੱਕ ਵਟਸਐਪ ਸੁਨੇਹਾ ਮਿਲਿਆ, ਜਿਸ ਨੇ ਆਰਡਰ ਦੀ ਪੁਸ਼ਟੀ ਕੀਤੀ ਅਤੇ ਪੈਸੇ ਆਨਲਾਈਨ ਭੇਜਣ ਲਈ ਬੈਂਕ ਖਾਤਾ ਨੰਬਰ ਵੀ ਦਿੱਤਾ ਗਿਆ। ਡਾਕਟਰ ਨੇ 1500 ਰੁਪਏ ਭੇਜ ਦਿੱਤੇ।
ਇਸ ਤੋਂ ਬਾਅਦ ਦੂਜੇ ਪਾਸੇ ਦੇ ਵਿਅਕਤੀ ਨੇ ਕਿਹਾ ਕਿ ਪੇਮੈਂਟ ਲਈ ਟ੍ਰਾਂਜੈਕਸ਼ਨ ਆਈਡੀ ਬਣਾਉਣੀ ਪਵੇਗੀ। ਫਿਰ ਇਸ ਤੋਂ ਬਾਅਦ ਠੱਗਾਂ ਦੀ ਲਪੇਟ 'ਚ ਆ ਕੇ ਡਾਕਟਰ ਨੂੰ ਪਹਿਲਾਂ 28,807 ਰੁਪਏ ਅਤੇ ਬਾਅਦ 'ਚ ਕੁੱਲ 1.40 ਲੱਖ ਰੁਪਏ ਦਾ ਨੁਕਸਾਨ ਹੋਇਆ। ਅਧਿਕਾਰੀ ਨੇ ਦੱਸਿਆ ਕਿ ਡਾਕਟਰ ਦੀ ਸ਼ਿਕਾਇਤ 'ਤੇ ਭੋਇਵਾੜਾ ਥਾਣੇ 'ਚ ਆਈਪੀਸੀ ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।