
ਬੱਸ 36 ਲੋਕਾਂ ਨੂੰ ਲੈ ਕੇ ਪੰਜਾਬ ਦੇ ਨੂਰਮਹਿਲ ਤੋਂ ਦਰਲਾਘਾਟ ਵਾਪਸ ਜਾ ਰਹੀ ਸੀ
ਬਿਲਾਸਪੁਰ : ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ’ਚ ਨਮਹੋਲ ਚੌਕ ਨੇੜੇ ਸ਼ੁਕਰਵਾਰ ਤੜਕੇ ਇਕ ਬੱਸ ਦੇ ਡੂੰਘੀ ਖੱਡ ’ਚ ਡਿੱਗਣ ਨਾਲ 32 ਮੁਸਾਫ਼ਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ 7 ਦੀ ਹਾਲਤ ਗੰਭੀਰ ਹੈ। ਬੱਸ 36 ਲੋਕਾਂ ਨੂੰ ਲੈ ਕੇ ਪੰਜਾਬ ਦੇ ਨੂਰਮਹਿਲ ਤੋਂ ਦਰਲਾਘਾਟ ਵਾਪਸ ਜਾ ਰਹੀ ਸੀ ਜਦੋਂ ਡਰਾਈਵਰ ਨੇ ਕੰਟਰੋਲ ਗੁਆ ਦਿਤਾ। ਮੁਸਾਫ਼ਰਾਂ ਦੀਆਂ ਚੀਕਾਂ ਸੁਣ ਕੇ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਬਚਾਅ ਕਾਰਜ ਵੀ ਸ਼ੁਰੂ ਕਰ ਦਿਤੇ।
ਜ਼ਖਮੀਆਂ ਨੂੰ ਤੁਰਤ ਏਮਜ਼ ਬਿਲਾਸਪੁਰ ਲਿਜਾਇਆ ਗਿਆ। ਬਿਲਾਸਪੁਰ ਪੁਲਿਸ ਨੇ ਹਾਦਸੇ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਏਮਜ਼ ਦਾ ਦੌਰਾ ਕੀਤਾ ਅਤੇ ਜ਼ਖਮੀਆਂ ਦਾ ਹਾਲ-ਚਾਲ ਪੁਛਿਆ।