
ਦਿੱਲੀ-ਐੱਨ.ਸੀ.ਆਰ. ’ਚ ਪਹਿਲੀ ਛਿਮਾਹੀ ਦੌਰਾਨ 6 ਕਰੋੜ ਰੁਪਏ ਤੋਂ ਵੱਧ ਦੇ 3,960 ਘਰ ਵਿਕੇ
ਨਵੀਂ ਦਿੱਲੀ : ਦਿੱਲੀ-ਐੱਨ.ਸੀ.ਆਰ. ’ਚ ਜਨਵਰੀ-ਜੂਨ ਦੀ ਮਿਆਦ ਦੌਰਾਨ 3,960 ਆਲੀਸ਼ਾਨ (ਲਗਜ਼ਰੀ) ਘਰਾਂ ਦੀ ਵਿਕਰੀ ਹੋਈ ਹੈ, ਜਿਨ੍ਹਾਂ ਵਿਚੋਂ ਹਰ ਘਰ ਦੀ ਕੀਮਤ 6 ਕਰੋੜ ਰੁਪਏ ਜਾਂ ਇਸ ਤੋਂ ਵੱਧ ਹੈ। ਸੀ.ਬੀ.ਆਈ.ਈ. ਅਤੇ ਐਸੋਚੈਮ ਦੀ ਰੀਪੋਰਟ ਅਨੁਸਾਰ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਦਿੱਲੀ-ਐੱਨ.ਸੀ.ਆਰ. ’ਚ 1,280 ਇਕਾਈਆਂ ਦੀ ਵਿਕਰੀ ਹੋਈ ਸੀ।
ਰੀਪੋਰਟ ’ਚ ਕਿਹਾ ਗਿਆ ਹੈ ਕਿ ਜਨਵਰੀ-ਜੂਨ 2025 ’ਚ ਲਗਜ਼ਰੀ ਹਾਊਸਿੰਗ ਖੇਤਰ ’ਚ ਵਿਕਰੀ ’ਚ ਸਾਲਾਨਾ ਆਧਾਰ ਉਤੇ 85 ਫੀ ਸਦੀ ਦਾ ਵਾਧਾ ਦਰਜ ਕੀਤਾ ਗਿਆ। ਮੁੰਬਈ ਅਤੇ ਦਿੱਲੀ-ਐਨ.ਸੀ.ਆਰ. ਵਿਚ ਸਲਾਹਕਾਰ ਨੇ 6 ਕਰੋੜ ਰੁਪਏ ਜਾਂ ਇਸ ਤੋਂ ਵੱਧ ਕੀਮਤ ਵਾਲੇ ਘਰਾਂ ਨੂੰ ਲਗਜ਼ਰੀ ਖੇਤਰ ਮੰਨਿਆ ਹੈ।
ਬੈਂਗਲੁਰੂ ਅਤੇ ਹੈਦਰਾਬਾਦ ’ਚ ਲਗਜ਼ਰੀ ਖੇਤਰ 5 ਕਰੋੜ ਰੁਪਏ ਜਾਂ ਇਸ ਤੋਂ ਵੱਧ ਦਾ ਹੈ, ਜਦਕਿ ਪੁਣੇ, ਚੇਨਈ ਅਤੇ ਕੋਲਕਾਤਾ ’ਚ 4 ਕਰੋੜ ਰੁਪਏ ਜਾਂ ਇਸ ਤੋਂ ਵੱਧ ਕੀਮਤ ਦੇ ਘਰਾਂ ਨੂੰ ਲਗਜ਼ਰੀ ਦੇ ਰੂਪ ’ਚ ਲਿਆ ਜਾਂਦਾ ਹੈ। ਇਹ ਰੀਪੋਰਟ ਸ਼ੁਕਰਵਾਰ ਨੂੰ ਐਸੋਚੈਮ ਅਤੇ ਸੀ.ਬੀ.ਆਰ.ਈ. ਵਲੋਂ ਕੀਤੀ ਇਕ ਰੀਅਲ ਅਸਟੇਟ ਕਾਨਫਰੰਸ ਵਿਚ ਜਾਰੀ ਕੀਤੀ ਗਈ ਸੀ।
ਸੀ.ਬੀ.ਆਰ.ਈ. ਇੰਡੀਆ ਦੇ ਐਮਡੀ (ਕੈਪੀਟਲ ਮਾਰਕਿਟਸ ਐਂਡ ਲੈਂਡ) ਗੌਰਵ ਕੁਮਾਰ ਨੇ ਕਿਹਾ, ‘‘ਭਾਰਤ ਦਾ ਰਿਹਾਇਸ਼ੀ ਬਾਜ਼ਾਰ ਰਣਨੀਤਕ ਲਚਕੀਲੇਪਣ ਦੇ ਪੜਾਅ ਵਿਚ ਦਾਖਲ ਹੋ ਗਿਆ ਹੈ। ਹਾਲਾਂਕਿ ਮੈਕਰੋ-ਆਰਥਕ ਬੁਨਿਆਦੀ ਢਾਂਚੇ ਮਜ਼ਬੂਤ ਬਣੇ ਹੋਏ ਹਨ, ਲਗਜ਼ਰੀ ਅਤੇ ਪ੍ਰੀਮੀਅਮ ਹਾਊਸਿੰਗ ’ਚ ਵੱਡਾ ਵਾਧਾ ਖਪਤਕਾਰਾਂ ਦੇ ਵਿਸ਼ਵਾਸ ਅਤੇ ਜੀਵਨਸ਼ੈਲੀ ਦੀਆਂ ਇੱਛਾਵਾਂ ਨੂੰ ਦਰਸਾਉਂਦਾ ਹੈ।’’
ਉਨ੍ਹਾਂ ਕਿਹਾ ਕਿ ਡਿਵੈਲਪਰ ਗੁਣਵੱਤਾ, ਪਾਰਦਰਸ਼ਤਾ ਅਤੇ ਤਜਰਬੇ ਉਤੇ ਧਿਆਨ ਕੇਂਦਰਿਤ ਕਰ ਰਹੇ ਹਨ, ਜੋ ਸੈਕਟਰ ਦੇ ਵਿਕਾਸ ਦੀ ਅਗਲੀ ਲਹਿਰ ਨੂੰ ਖੋਲ੍ਹਣ ਲਈ ਮਹੱਤਵਪੂਰਨ ਹਨ।
ਅੰਕੜਿਆਂ ਮੁਤਾਬਕ ਮੁੰਬਈ ’ਚ ਲਗਜ਼ਰੀ ਘਰਾਂ ਦੀ ਵਿਕਰੀ ਜਨਵਰੀ-ਜੂਨ 2025 ’ਚ ਵਧ ਕੇ 1,240 ਇਕਾਈ ਹੋ ਗਈ, ਜੋ ਇਕ ਸਾਲ ਪਹਿਲਾਂ ਇਸੇ ਮਿਆਦ ’ਚ 950 ਇਕਾਈ ਸੀ। ਬੈਂਗਲੁਰੂ ਵਿਚ ਲਗਜ਼ਰੀ ਘਰਾਂ ਦੀ ਵਿਕਰੀ 80 ਇਕਾਈਆਂ ਤੋਂ ਵਧ ਕੇ 200 ਇਕਾਈਆਂ ਹੋ ਗਈ। ਕੋਲਕਾਤਾ ’ਚ ਵਿਕਰੀ 70 ਇਕਾਈ ਤੋਂ ਦੁੱਗਣੀ ਹੋ ਕੇ 190 ਇਕਾਈ ਹੋ ਗਈ। ਚੇਨਈ ’ਚ ਵਿਕਰੀ ਤਿੰਨ ਗੁਣਾ ਵਧ ਕੇ 65 ਇਕਾਈ ਤੋਂ 220 ਇਕਾਈ ਹੋ ਗਈ। ਹਾਲਾਂਕਿ ਹੈਦਰਾਬਾਦ ’ਚ ਲਗਜ਼ਰੀ ਘਰਾਂ ਦੀ ਵਿਕਰੀ 1,140 ਇਕਾਈ ਤੋਂ ਘਟ ਕੇ 1,025 ਇਕਾਈ ਰਹਿ ਗਈ। ਪੁਣੇ ’ਚ ਵਿਕਰੀ 160 ਇਕਾਈ ਤੋਂ ਘਟ ਕੇ 120 ਇਕਾਈ ਰਹਿ ਗਈ।
ਚੋਟੀ ਦੇ ਸੱਤ ਸ਼ਹਿਰਾਂ ’ਚ ਕੁਲ ਵਿਕਰੀ ਜਨਵਰੀ-ਜੂਨ 2025 ’ਚ ਵਧ ਕੇ 6,950 ਇਕਾਈ ਹੋ ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 3,750 ਇਕਾਈ ਸੀ।