
ਵਾਪਸ ਆ ਕੇ ਸ਼ੁਭਾਂਸ਼ੂ ਘਰ ਦਾ ਬਣਿਆ ਉਹ ਸਾਰਾ ਕੁੱਝ ਖਾਣਾ ਚਾਹੁੰਦਾ ਹੈ ਜੋ ਉਸ ਨੂੰ ਪਿਛਲੇ 5-6 ਸਾਲਾਂ ਦੌਰਾਨ ਅਮਰੀਕਾ ’ਚ ਖਾਣ ਨੂੰ ਨਹੀਂ ਮਿਲਿਆ : ਮਾਂ ਆਸ਼ਾ ਸ਼ੁਕਲਾ
ਲਖਨਊ : ਨਾਸਾ ਦੇ ਐਕਸੀਓਮ-4 ਮਿਸ਼ਨ ਦੇ ਹਿੱਸੇ ਵਜੋਂ ਕੌਮਾਂਤਰੀ ਪੁਲਾੜ ਸਟੇਸ਼ਨ (ਆਈ.ਐੱਸ.ਐੱਸ.) ਉਤੇ ਸਵਾਰ ਪੁਲਾੜ ਮੁਸਾਫ਼ਰ ਸ਼ੁਭਾਂਸ਼ੂ ਸ਼ੁਕਲਾ ਦੇ ਪਰਵਾਰ ਨੇ ਸ਼ੁਕਰਵਾਰ ਨੂੰ ਉਨ੍ਹਾਂ ਨਾਲ ਗੱਲ ਕਰਨ ਤੋਂ ਬਾਅਦ ਖੁਸ਼ੀ ਅਤੇ ਮਾਣ ਜ਼ਾਹਰ ਕੀਤਾ ਅਤੇ ਕਿਹਾ ਕਿ ਉਹ 14 ਜੁਲਾਈ ਨੂੰ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਲਖਨਊ ਸਥਿਤ ਅਪਣੀ ਰਿਹਾਇਸ਼ ’ਚ ਸ਼ੁਭਾਂਸ਼ੂ ਦੇ ਪਿਤਾ ਸ਼ੰਭੂ ਦਿਆਲ ਸ਼ੁਕਲਾ ਨੇ ਕਿਹਾ ਕਿ ਪਰਵਾਰ ਨੂੰ ਇਹ ਜਾਣ ਕੇ ਰਾਹਤ ਮਿਲੀ ਹੈ ਕਿ ਮਿਸ਼ਨ ਸੁਚਾਰੂ ਢੰਗ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ, ‘‘ਪੁਲਾੜ ਵਿਚ ਸੱਭ ਕੁੱਝ ਠੀਕ ਹੈ। ਇਹ ਵੇਖ ਕੇ ਬਹੁਤ ਚੰਗਾ ਲੱਗਾ ਕਿ ਉਸ ਦਾ ਮਿਸ਼ਨ ਵਧੀਆ ਚੱਲ ਰਿਹਾ ਹੈ। ਉਸ ਨੇ ਸਾਨੂੰ ਵਿਖਾਇਆ ਕਿ ਉਹ ਕਿੱਥੇ ਕੰਮ ਕਰਦਾ ਹੈ, ਉਹ ਕਿੱਥੇ ਸੌਂਦਾ ਹੈ, ਉਸ ਦੀ ਲੈਬ ਅਤੇ ਉਸ ਦੀ ਰੋਜ਼ਾਨਾ ਦੀ ਰੁਟੀਨ ਕਿਵੇਂ ਵਿਖਾਈ ਦਿੰਦੀ ਹੈ। ਉਸ ਨਾਲ ਗੱਲ ਕਰਨ ਤੋਂ ਬਾਅਦ ਸਾਨੂੰ ਬਹੁਤ ਖੁਸ਼ੀ ਹੋਈ। ਉਸ ਨੇ ਸਾਨੂੰ ਸੱਭ ਕੁੱਝ ਬਹੁਤ ਸਪਸ਼ਟ ਰੂਪ ਵਿਚ ਸਮਝਾਇਆ। ਅਸੀਂ ਇੱਥੇ ਬੇਸਬਰੀ ਨਾਲ ਉਸ ਦਾ ਸਵਾਗਤ ਕਰਨ ਦੀ ਉਡੀਕ ਕਰ ਰਹੇ ਹਾਂ। ਸਾਡਾ ਪੂਰਾ ਪਰਵਾਰ ਅਤੇ ਰਿਸ਼ਤੇਦਾਰ ਖੁਸ਼ ਹਨ ਅਤੇ ਉਨ੍ਹਾਂ ਦੀ ਵਾਪਸੀ ਦਾ ਇੰਤਜ਼ਾਰ ਕਰ ਰਹੇ ਹਨ।’’
ਸ਼ੁਭਾਂਸ਼ੂ ਦੀ ਮਾਂ ਆਸ਼ਾ ਸ਼ੁਕਲਾ ਨੇ ਕਿਹਾ ਕਿ ਉਹ ਖਾਸ ਤੌਰ ਉਤੇ ਅਪਣੇ ਬੇਟੇ ਦੇ ਪੁਲਾੜ ਤੋਂ ਸਾਂਝੇ ਕੀਤੇ ਗਏ ਦ੍ਰਿਸ਼ਾਂ ਤੋਂ ਪ੍ਰਭਾਵਤ ਹੋਈ। ਉਨ੍ਹਾਂ ਕਿਹਾ, ‘‘ਉਸ ਨੇ ਸਾਨੂੰ ਦਸਿਆ ਕਿ ਧਰਤੀ ਅਤੇ ਬ੍ਰਹਿਮੰਡ ਉੱਥੋਂ ਕਿੰਨੇ ਸੁੰਦਰ ਵਿਖਾਈ ਦਿੰਦੇ ਹਨ। ਉਸ ਨੇ ਸਾਨੂੰ ਪੁਲਾੜ ਕੇਂਦਰ ਤੋਂ ਦ੍ਰਿਸ਼ ਵਿਖਾਏ, ਜਿੱਥੇ ਉਹ ਕੰਮ ਕਰਦਾ ਹੈ ਅਤੇ ਰਹਿੰਦਾ ਹੈ। ਇਹ ਸੱਭ ਵੇਖ ਕੇ ਦਿਲ ਨੂੰ ਖੁਸ਼ੀ ਹੋਈ ਅਤੇ ਇਸ ਤੋਂ ਵੀ ਵੱਧ ਅਪਣੇ ਬੱਚੇ ਨੂੰ ਖੁਸ਼ ਅਤੇ ਚੰਗਾ ਕਰਦੇ ਵੇਖਣਾ ਦਿਲ ਨੂੰ ਛੂਹਣ ਵਾਲਾ ਸੀ।’’
ਇਹ ਪੁੱਛੇ ਜਾਣ ਉਤੇ ਕਿ ਉਸ ਦੇ ਸਵਾਗਤ ਲਈ ਕੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਨੇ ਮੁਸਕਰਾਉਂਦਿਆਂ ਕਿਹਾ, ‘‘ਉਹ ਜੋ ਚਾਹੇਗਾ ਮੈਂ ਪਕਾਵਾਂਗੀ। ਉਸ ਨੇ ਸਾਨੂੰ ਦਸਿਆ ਕਿ ਇਸ ਵਾਰ, ਵਾਪਸ ਆਉਣ ਤੋਂ ਬਾਅਦ, ਉਹ ਉਹ ਸੱਭ ਕੁੱਝ ਖਾਣਾ ਚਾਹੁੰਦਾ ਹੈ ਜੋ ਉਸ ਨੇ ਵਿਦੇਸ਼ ਵਿਚ ਹੋਣ ਕਾਰਨ ਪਿਛਲੇ ਪੰਜ-ਛੇ ਸਾਲਾਂ ਵਿਚ ਨਹੀਂ ਖਾਧਾ ਹੈ। ਉਸ ਨੇ ਕਿਹਾ ਕਿ ਉਹ ਅਪਣੇ ਸਾਰੇ ਮਨਪਸੰਦ ਘਰ ਦੇ ਪਕਾਏ ਭੋਜਨ ਦਾ ਅਨੰਦ ਲੈਣਾ ਚਾਹੁੰਦਾ ਹੈ।’’
ਉਸ ਦੇ ਪਿਤਾ ਨੇ ਅੱਗੇ ਕਿਹਾ ਕਿ ਸ਼ੁਭਾਂਸ਼ੂ ਪੁਲਾੜ ਸਟੇਸ਼ਨ ਉਤੇ ਕੀਤੇ ਜਾ ਰਹੇ ਕੰਮ ਤੋਂ ਬਹੁਤ ਰੁੱਝਿਆ ਅਤੇ ਖੁਸ਼ ਜਾਪਦਾ ਸੀ।
ਐਕਸੀਓਮ-4 ਮਿਸ਼ਨ ਨੂੰ 25 ਜੂਨ ਨੂੰ ਫਲੋਰਿਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਲਾਂਚ ਕੀਤਾ ਗਿਆ ਸੀ ਅਤੇ ਡਰੈਗਨ ਪੁਲਾੜ ਯਾਨ 28 ਘੰਟਿਆਂ ਦੀ ਯਾਤਰਾ ਤੋਂ ਬਾਅਦ 26 ਜੂਨ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ ਉਤੇ ਉਤਰਿਆ ਸੀ। ਸ਼ੁਕਲਾ ਅਤੇ ਉਨ੍ਹਾਂ ਦੇ ਐਕਸੀਓਮ-4 ਚਾਲਕ ਦਲ ਨੇ ਕੌਮਾਂਤਰੀ ਪੁਲਾੜ ਸਟੇਸ਼ਨ (ਆਈ.ਐੱਸ.ਐੱਸ.) ਉਤੇ 230 ਸੂਰਜ ਚੜ੍ਹਦੇ ਹੋਏ ਵੇਖਿਆ ਹੈ ਅਤੇ ਦੋ ਹਫਤਿਆਂ ਦੇ ਅੰਤ ’ਚ ਪੁਲਾੜ ’ਚ ਲਗਭਗ 100 ਲੱਖ ਕਿਲੋਮੀਟਰ ਦੀ ਯਾਤਰਾ ਕੀਤੀ ਹੈ।
ਸ਼ੁਕਲਾ, ਪੈਗੀ ਵਿਟਸਨ, ਸਲਾਵੋਜ਼ ਉਜ਼ਨਾਨਸਕੀ-ਵਿਸਨੀਵਸਕੀ ਅਤੇ ਟਿਬੋਰ ਕਾਪੂ ਸਮੇਤ ਐਕਸੀਓਮ-4 ਦੇ ਚਾਲਕ ਦਲ ਨੇ ਵੀ ਆਈ.ਐਸ.ਐਸ. ਉਤੇ ਅਪਣਾ ਆਖਰੀ ਆਫ-ਡਿਊਟੀ ਦਿਨ ਲਿਆ। ਐਕਸੀਓਮ ਮਿਸ਼ਨ 4 (ਏ.ਐਕਸ.-4) ਦੇ ਚਾਲਕ ਦਲ ਨੇ ਧਰਤੀ ਦੇ ਆਲੇ-ਦੁਆਲੇ ਲਗਭਗ 230 ਚੱਕਰ ਪੂਰੇ ਕੀਤੇ ਹਨ ਅਤੇ 60 ਲੱਖ ਮੀਲ (96.5 ਲੱਖ ਕਿਲੋਮੀਟਰ) ਤੋਂ ਵੱਧ ਦੀ ਯਾਤਰਾ ਕੀਤੀ ਹੈ।
ਪੁਲਾੜ ਸਟੇਸ਼ਨ ਉਤੇ ਅਪਣੇ ਦੋ ਹਫ਼ਤਿਆਂ ਦੇ ਠਹਿਰਨ ਦੌਰਾਨ ਸ਼ੁਕਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ, ਇਸਰੋ ਦੇ ਵਿਗਿਆਨੀਆਂ ਨਾਲ ਗੱਲਬਾਤ ਕੀਤੀ, ਇਕ ਲਾਈਵ ਸੈਸ਼ਨ ਵਿਚ ਸਕੂਲੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਹੈਮ ਰੇਡੀਓ ਦੀ ਵਰਤੋਂ ਕਰਦਿਆਂ ਇਸਰੋ ਕੇਂਦਰਾਂ ਨਾਲ ਵੀ ਜੁੜੇ।